ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਸ਼ਹਿਰ ਦੀ ਵਿਕਾਸ ਯੋਜਨਾ ਦਾ ਜਾਇਜ਼ਾ ਲਿਆ। ਇਸ ਮੌਕੇ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਯੁੱਧਿਆ ਸ਼ਹਿਰ ਹਰੇਕ ਭਾਰਤੀ ਦੀ ਸੱਭਿਆਚਾਰਕ ਸੋਚ ਵਿੱਚ ਸਮਾਇਆ ਹੋਇਆ ਹੈ ਅਤੇ ਇਸ ਸ਼ਹਿਰ ਦੀ ਵਿਕਾਸ ਯੋਜਨਾ ਮਨੁੱਖੀ ਕਦਰਾਂ ਕੀਮਤਾਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਜੋ ਭਵਿੱਖ ਦੇ ਬੁਨਿਆਦੀ ਢਾਂਚੇ ਨਾਲ ਵੀ ਮੇਲ ਖਾਂਦੀ ਹੋਵੇ। ਇਸ ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਅਯੁੱਧਿਆ ਦੇ ਵਿਕਾਸ ਸਬੰਧੀ ਵੇਰਵੇ ਪੇਸ਼ ਕੀਤੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਅਯੁੱਧਿਆ ਸ਼ਹਿਰ ਨੂੰ ਅਧਿਆਤਕਮ ਕੇਂਦਰ ਬਣਾਉਣ ਦੇ ਨਾਲ-ਨਾਲ ਇਸ ਸ਼ਹਿਰ ਨੂੰ ਸੈਰ-ਸਪਾਟਾ ਕੇਂਦਰ ਅਤੇ ਸਮਾਰਟ ਸਿਟੀ ਬਣਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸ੍ਰੀ ਮੋਦੀ ਨੂੰ ਯੂਪੀ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਭਵਿੱਖੀ ਪ੍ਰਾਜੈਕਟਾਂ ਬਾਰੇ ਸੂਚਿਤ ਕੀਤਾ ਅਤੇ ਸ਼ਹਿਰ ਵਿੱਚ ਹਵਾਈ ਅੱਡੇ ਦੀ ਉਸਾਰੀ, ਰੇਲਵੇ ਸਟੇਸ਼ਨ ਦਾ ਵਿਸਤਾਰ, ਬੱਸ ਸਟੇਸ਼ਨ ਅਤੇ ਹਾਈਵੇਅ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਸ਼ਹਿਰ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਦੇ ਠਹਿਰਨ ਲਈ ਆਸ਼ਰਮ ਅਤੇ ਹੋਟਲਾਂ ਦੀ ਉਸਾਰੀ ਬਾਰੇ ਵੀ ਗੱਲਬਾਤ ਕੀਤੀ ਗਈ। ਸ਼ਹਿਰ ਵਿੱਚ ਸੈਲਾਨੀ ਸੂਚਨਾ ਕੇਂਦਰ ਤੇ ਅਜਾਇਬਘਰ ਵੀ ਉਸਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਬੀਤੇ ਸਾਲ 5 ਅਗਸਤ ਨੂੰ ਭੁਮੀ ਪੂਜਨ ਕੀਤਾ ਸੀ। -ਏਜੰਸੀ