ਨਵੀਂ ਦਿੱਲੀ, 28 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਲੱਦਾਖ ਖੇਤਰ ਵਿੱਚ ਉਹਦੇ ਖੇਤਰ ’ਤੇ ਮਾੜੀ ਅੱਖ ਰੱਖਣ ਵਾਲਿਆਂ ਨੂੰ ਮੂੰਹ-ਤੋੜਵਾਂ ਜਵਾਬ ਦਿੱਤਾ ਹੈ। ਊਨ੍ਹਾਂ ਕਿਹਾ ਕਿ ਭਾਰਤ ਜਿੱਥੇ ਦੋਸਤੀ ਨਿਭਾਉਣੀ ਜਾਣਦਾ ਹੈ, ਉਥੇ ਦੁਸ਼ਮਣ ਦੀ ਕਿਸੇ ਵੀ ਹਿਮਾਕਤ ਦਾ ਢੁੱਕਵਾਂ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਗਲਵਾਨ ਘਾਟੀ ਵਿੱਚ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ 20 ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਬਹਾਦਰ ਫੌਜੀਆਂ ਨੇ ਵਿਖਾ ਦਿੱਤਾ ਹੈ ਕਿ ਉਹ ਦੇਸ਼ ਦੇ ਗੌਰਵ ਨੂੰ ਸੱਟ ਮਾਰਨ ਦੀ ਇਜਾਜ਼ਤ ਨਹੀਂ ਦੇਣਗੇ। ਆਕਾਸ਼ਵਾਣੀ ’ਤੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਫੌਜੀਆਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਲੌਕਡਾਊਨ ਗੇੜ ’ਚੋਂ ਨਿਕਲ ਕੇ ‘ਅਨਲੌਕ’ ਗੇੜ ’ਚ ਦਾਖ਼ਲ ਹੋ ਚੁੱਕਾ ਹੈ ਤੇ ਹੁਣ ਆਪਣਾ ਸਾਰਾ ਧਿਆਨ ਕਰੋਨਾਵਾਇਰਸ ਨੂੰ ਮਾਤ ਪਾਉਣ ਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਾਲੀਆ ਫੈਸਲਿਆਂ ਨਾਲ ਕਈ ਹੋਰ ਚੀਜ਼ਾਂ ਦੀ ਤਾਲਾਬੰਦੀ ਖੁੱਲ੍ਹੀ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਮੁਲਕ ਦੇ ਪੈਰਾਂ ਦੀ ਬੇੜੀ ਬਣੀ ਹੋਈ ਸੀ। ਸ੍ਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਪੀ.ਵੀ.ਨਰਸਿਮ੍ਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਵੀ ਦਿੱਤੀ।
ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਜਾਰੀ ਤਲਖੀ ਦਰਮਿਆਨ ਸ੍ਰੀ ਮੋਦੀ ਨੇ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘ਅਸੀਂ ਲੱਦਾਖ ’ਚ ਭਾਰਤੀ ਸਰਜ਼ਮੀਨ ’ਤੇ ਮਾੜੀ ਅੱਖ ਰੱਖਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ। ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ, ਪਰ ਬਿਨਾਂ ਸੰਗੇ ਕਿਸੇ ਦੁਸ਼ਮਣ ਦੀ ਹਿਮਾਕਤ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਸਮਰੱਥਾ ਵੀ ਰੱਖਦਾ ਹੈ।’ ਸ੍ਰੀ ਮੋਦੀ ਨੇ ਕਿਹਾ ਭਾਰਤ ਦਾ ਨਿਸ਼ਾਨਾ ਸਵੈ-ਨਿਰਭਰ ਬਣਨ ਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਆਪਣੀਆਂ ਸਰਹੱੱਦਾਂ ਦੀ ਸੁਰੱਖਿਆ ਲਈ ਮੁਲਕ ਦੀ ਸਮਰੱਥਾ ਤੇ ਯੋਗਤਾ ਨੂੰ ਵਧਾਉਣ ਦੀ ਦਿਸ਼ਾ ’ਚ ਅੱਗੇ ਵਧਣਾ ਹੋਵੇਗਾ। ਸਵੈ-ਨਿਰਭਰ ਭਾਰਤ ਸਹੀ ਮਾਅਨਿਆਂ ’ਚ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।’ ਸ੍ਰੀ ਮੋਦੀ ਨੇ ਅਸਾਮ ਦੀ ਇਕ ਮਹਿਲਾ ਵੱਲੋਂ ਲਿਖੇ ਪੱਤਰ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਇਸ ਮਹਿਲਾ ਨੇ ਪੂਰਬੀ ਲੱਦਾਖ ਦੀ ਘਟਨਾ ਦੇ ਮੱਦੇਨਜ਼ਰ ਸਿਰਫ਼ ਮੁਕਾਮੀ ਉਤਪਾਦ ਵਰਤਣ ਦਾ ਹੀ ਪ੍ਰਣ ਕੀਤਾ ਸੀ। ਸ੍ਰੀ ਮੋਦੀ ਨੇ ਪੂਰਬੀ ਲੱਦਾਖ ’ਚ ਚੀਨੀ ਕਾਰਵਾਈ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਰਤ ਨੂੰ ਕਰੋਨਾਵਾਇਰਸ, ਚੱਕਰਵਾਤੀ ਤੂਫ਼ਾਨ ਅੰਫਾਨ ਤੇ ਭੂਚਾਲ ਦੇ ਰੂਪ ਵਿੱਚ ਕਈ ਫਰੰਟਾਂ ’ਤੇ ਚੁਣੌਤੀਆਂ ਦਰਪੇਸ਼ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਲੋਕ ਸਾਲ 2020 ਨੂੰ ਮਾੜਾ ਸਾਲ ਨਾ ਮੰਨਣ। -ਪੀਟੀਆਈ