ਨਵੀਂ ਦਿੱਲੀ, 5 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਅਤਿਵਾਦ ਨੂੰ ਆਮ ਸਥਿਤੀ ਵਾਂਗ ਸਵੀਕਾਰ ਨਾ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿੜ੍ਹ ਸੰਕਲਪ ਨੇ ਹੀ ਸਾਲ 2014 ਤੋਂ ਬਾਅਦ ਭਾਰਤ ਦੀ ਪਾਕਿਸਤਾਨ ਪ੍ਰਤੀ ਨੀਤੀ ਨੂੰ ਨਵਾਂ ਰੂਪ ਦਿੱਤਾ ਹੈ। ਦਿੱਲੀ ਯੂਨੀਵਰਸਿਟੀ ਵਿਚ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ ਤੇ ਕੂਟਨੀਤੀ ਬਾਰੇ ਉਨ੍ਹਾਂ ਦੀ ਸਹਿਜਤਾ ਨੇ ਹੀ ਉਨ੍ਹਾਂ ਦੀ ਦੁਨੀਆ ਦੇ ਹੋਰ ਦੇਸ਼ਾਂ ਤੇ ਉਨ੍ਹਾਂ ਦੇ ਆਗੂਆਂ ਨਾਲ ਸੰਪਰਕ ਬਣਾਉਣ ਵਿਚ ਮਦਦ ਕੀਤੀ ਹੈ। ਜੈਸ਼ੰਕਰ ਨੇ ਪੁਸਤਕ ‘ਮੋਦੀ@20 : ਡ੍ਰੀਮਜ਼ ਮੀਟ ਡਿਲਿਵਰੀ’ ਵਿਚ ਲਿਖੇ ਇਕ ਅਧਿਆਏ ਨੂੰ ਪੜ੍ਹਿਆ ਤੇ ਕਿਹਾ ਕਿ ਸੰਨ 2011 ਵਿਚ ਉਹ ਤਤਕਾਲੀ ਮੁੱਖ ਮੰਤਰੀ ਮੋਦੀ ਨੂੰ ਚੀਨ ਵਿਚ ਮਿਲੇ ਸਨ। ਉਦੋਂ ਉਹ ਰਾਜਦੂਤ ਸਨ। ਦੂਜੇ ਮੁੱਖ ਮੰਤਰੀਆਂ ਦੇ ਉਲਟ ਉਨ੍ਹਾਂ ਖ਼ਾਸ ਤੌਰ ਉਤੇ ਸਿਆਸੀ ਬ੍ਰੀਫਿੰਗ ਦੇਣ ਲਈ ਕਿਹਾ। ਉਨ੍ਹਾਂ ਕਿਹਾ, ‘ਮੈਨੂੰ ਉਨ੍ਹਾਂ ਦਾ (ਮੋਦੀ) ਇਸ ਗੱਲ ਦੇ ਮਹੱਤਵ ਉਤੇ ਜ਼ੋਰ ਦੇਣਾ ਯਾਦ ਆਉਂਦਾ ਹੈ ਕਿ ਅਤਿਵਾਦ ਤੇ ਖ਼ੁਦਮੁਖਤਿਆਰੀ ਦੇ ਮੁੱਦੇ ਉਤੇ, ਸਾਨੂੰ ਵਿਦੇਸ਼ ਵਿਚ, ਖਾਸ ਤੌਰ ਉਤੇ ਚੀਨ ਵਿਚ, ਇਕ ਸੁਰ ’ਚ ਬੋਲਣ ਦੀ ਲੋੜ ਹੈ।’ ਜੈਸ਼ੰਕਰ ਨੇ ਕਿਹਾ ਕਿ ਆਲਮੀ ਮੰਚ ਉਤੇ ਪ੍ਰਧਾਨ ਮੰਤਰੀ ਮੋਦੀ ਦਾ ਕੱਦ ਵਧਿਆ ਹੈ ਕਿਉਂਕਿ ਉਨ੍ਹਾਂ ਦੀਆਂ ਨੀਤੀਆਂ ਤੇ ਤਰਜੀਹਾਂ ਦਾ ਅਸਰ ਪਿਆ ਹੈ। -ਪੀਟੀਆਈ
ਜੀ20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸ਼ਾਮਲ ਹੋਣਗੇ ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀਰਵਾਰ ਤੋਂ ਇੰਡੋਨੇਸ਼ੀਆ ਦੇ ਦੋ ਦਿਨਾਂ ਦੇ ਦੌਰੇ ਉਤੇ ਜਾਣਗੇ। ਉਹ ਇਸ ਦੌਰਾਨ ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣਗੇ। ਚੀਨ ਤੇ ਰੂਸ ਦੇ ਵਿਦੇਸ਼ ਮੰਤਰੀ ਵੀ ਇਸ ਬੈਠਕ ਵਿਚ ਹਿੱਸਾ ਲੈ ਸਕਦੇ ਹਨ। ਇਸ ਮੌਕੇ ਖਾਧ ਵਸਤਾਂ ਤੇ ਊਰਜਾ ਖੇਤਰ ਵਿਚ ਬਣੀਆਂ ਚੁਣੌਤੀਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।