ਨਵੀਂ ਦਿੱਲੀ, 16 ਸਤੰਬਰ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀ.ਆਰ. ਅੰਬੇਡਕਰ ਦੇ ਸੱਚੇ ਪੈਰੋਕਾਰ ਹਨ ਤੇ ਉਹ ਸਮਾਜ ਸੁਧਾਰਕ ਦੇ ਨਜ਼ਰੀਏ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰ ਰਹੇ ਹਨ। ਕੋਵਿੰਦ ਨੇ ਸਰਕਾਰ ਵੱਲੋਂ ਸਿੱਖਿਆ, ਮਜ਼ਦੂਰ ਭਲਾਈ, ਮਹਿਲਾਵਾਂ ਦੀ ਮਜ਼ਬੂਤੀ, ਆਤਮ-ਨਿਰਭਰ ਭਾਰਤ ਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਹਟਾਉਣ ਲਈ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰੇ ਕਦਮ ਡਾ. ਅੰਬੇਡਕਰ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਕੋਵਿੰਦ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਚੇਅਰਮੈਨ ਵਜੋਂ ਅੰਬੇਡਕਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਤਜਵੀਜ਼ ਨੂੰ ਠੁਕਰਾ ਦਿੱਤਾ ਸੀ। ਪਰ ਬਾਅਦ ਵਿਚ ਕਿਸੇ ਗੁੰਝਲਦਾਰ ਪ੍ਰਕਿਰਿਆ ਰਾਹੀਂ ਸੂਬੇ ਨੂੰ ਇਹ ਦਰਜਾ ਮਿਲ ਗਿਆ ਸੀ ਜੋ ਕਿ ਬਾਬਾਸਾਹੇਬ ਦੀ ਇੱਛਾ ਦੇ ਖ਼ਿਲਾਫ਼ ਸੀ। ਹਾਲਾਂਕਿ ਮੋਦੀ ਸਰਕਾਰ ਨੇ 2019 ਵਿਚ ਇਹ ਦਰਜਾ ਹਟਾ ਦਿੱਤਾ। ਸਾਬਕਾ ਰਾਸ਼ਟਰਪਤੀ ਅੱਜ ਕਿਤਾਬ ‘ਅੰਬੇਡਕਰ ਐਂਡ ਮੋਦੀ: ਰਿਫਾਰਮਰਜ਼ ਆਇਡੀਆਜ਼, ਪਰਫੋਰਮਰ’ਸ ਇੰਪਲੀਮੈਂਟੇਸ਼ਨ’ ਦੇ ਰਿਲੀਜ਼ ਸਮਾਗਮ ਮੌਕੇ ਬੋਲ ਰਹੇ ਸਨ। ਇਸ ਮੌਕੇ ਭਾਰਤ ਦੇ ਸਾਬਕਾ ਚੀਫ ਜਸਟਿਸ ਕੇਜੀ ਬਾਲਾਕ੍ਰਿਸ਼ਨਨ, ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਤੇ ਹੋਰ ਹਾਜ਼ਰ ਸਨ। ਇਸ ਤੋਂ ਪਹਿਲਾਂ ਬਾਲਾਕ੍ਰਿਸ਼ਨਨ ਨੇ ਡਾ. ਅੰਬੇਡਕਰ ਨਾਲ ਜੁੜੀ ਇਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। -ਪੀਟੀਆਈ