ਗੁਹਾਟੀ/ਸ਼ਿਲਾਂਗ, 25 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅਸਾਮ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਅੜਿੱਕੇ ਦੂਰ ਕਰ ਦਿੱਤੇ ਹਨ ਤੇ ਉੱਤਰ-ਪੂਰਬ ਨੂੰ ਸ਼ਾਂਤੀ ਤੇ ਵਿਕਾਸ ਦੇ ਰਾਹ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕਾਂ ਨੇ ਭਾਜਪਾ ਨੂੰ ਲਗਾਤਾਰ ਦੂਜੀ ਵਾਰ ਚੁਣਿਆ ਹੈ ਕਿਉਂਕਿ ‘ਉਹ ਜਾਣ ਗਏ ਹਨ ਕਿ ਸੂਬੇ ਵਿਚ ਅਤਿਵਾਦ ਤੇ ਅੰਦੋਲਨ ਲਈ ਕੋਈ ਥਾਂ ਨਹੀਂ ਹੈ।’ ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਜਿਹੜੇ ਸ਼ਾਂਤੀ ਤੇ ਤਰੱਕੀ ਦੇ ਰਾਹ ਵਿਚ ਅੜਿੱਕਾ ਬਣ ਰਹੇ ਸਨ, ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਮੇਘਾਲਿਆ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਚਿਰਾਪੂੰਜੀ ਵਿਚ ਲੱਖਾਂ ਬੂਟੇ ਲਾਉਣ ਦੀ ਮੁਹਿੰਮ ਅੱਜ ਤੋਂ ਆਰੰਭ ਦਿੱਤੀ ਗਈ ਹੈ। ਮੇਘਾਲਿਆ ਦਾ ਚਿਰਾਪੂੰਜੀ ਜੋ ਕਿ ਕਿਸੇ ਵੇਲੇ ਧਰਤੀ ਦੀਆਂ ਸਭ ਤੋਂ ਵੱਧ ਮੀਂਹ ਵਾਲੀਆਂ ਥਾਵਾਂ ਵਿਚ ਗਿਣਿਆ ਜਾਂਦਾ ਸੀ, ਵਿੱਚ ਆਸਾਮ ਰਾਈਫ਼ਲਜ਼ ਹੁਣ ਬੂਟੇ ਲਾਏਗੀ। ਇਸ ਦਾ ਮੰਤਵ ਵਿਸ਼ਵ ਪ੍ਰਸਿੱਧ ਸੈਰਗਾਹ ਚਿਰਾਪੁੰਜੀ ਦੀ ਗੁਆਚੀ ਹਰਿਆਲੀ ਨੂੰ ਬਹਾਲ ਕਰਨਾ ਹੈ। ਸ਼ਾਹ ਨੇ ਕਿਹਾ ਕਿ ਚਿਰਾਪੂੰਜੀ ਵਿਚ ਪੂਰਾ ਸਾਲ ਮੀਂਹ ਪੈਂਦਾ ਸੀ ਪਰ ਵਿਕਾਸ ਦੇ ਨਾਂ ਉਤੇ ਕੱਟੇ ਗਏ ਦਰੱਖਤਾਂ ਕਾਰਨ ਪਿਛਲੇ ਕੁਝ ਸਾਲਾਂ ਵਿਚ ਸਥਿਤੀ ਬਿਲਕੁਲ ਬਦਲ ਗਈ ਹੈ। ਗ੍ਰਹਿ ਮੰਤਰੀ ਮੇਘਾਲਿਆ ਦੇ ਦੋ ਦਿਨ ਦੇ ਦੌਰੇ ’ਤੇ ਸਨ। ਉਨ੍ਹਾਂ ਕਿਹਾ ਕਿ ਇੱਥੇ 80 ਪ੍ਰਤੀਸ਼ਤ ਧਰਤੀ ’ਤੇ ਲੰਮੀ ਉਮਰ ਵਾਲੇ ਰਵਾਇਤੀ ਰੁਖ਼ ਲਾਏ ਜਾਣਗੇ, 20 ਪ੍ਰਤੀਸ਼ਤ ਜ਼ਮੀਨ ਉਤੇ ਪਸ਼ੂਆਂ ਦੇ ਖਾਣ ਲਈ ਤੇ ਹੋਰ ਸਜਾਵਟੀ ਰੁੱਖ ’ਤੇ ਨਰਸਰੀ ਵਗੈਰਾ ਲਾਈ ਜਾਵੇਗੀ। ਸ਼ਾਹ ਨੇ ਇਸ ਮੌਕੇ ‘ਐਵਰਗ੍ਰੀਨ ਉੱਤਰ-ਪੂਰਬ’ ਦਾ ਨਾਅਰਾ ਵੀ ਦਿੱਤਾ। ਚਿਰਾਪੂੰਜੀ ਰਾਜਧਾਨੀ ਸ਼ਿਲਾਂਗ ਤੋਂ ਕਰੀਬ 58 ਕਿਲੋਮੀਟਰ ਦੂਰ ਹੈ ਤੇ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਧਰਤੀ ਦੀ ਸਭ ਤੋਂ ਗਿੱਲੀ ਥਾਂ ਲਈ ਇਸ ਦਾ ਨਾਂ ਗਿੰਨੀਜ਼ ਬੁੱਕ ਵਿਚ ਵੀ ਆ ਚੁੱਕਾ ਹੈ। ਇਸ ਮੌਕੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ, ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਵੀ ਹਾਜ਼ਰ ਸਨ। -ਪੀਟੀਆਈ/ਆਈਏਐਨਐੱਸ