ਨਵੀਂ ਦਿੱਲੀ, 20 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕੋਵਿਡ-19 ਦੇ ਟਾਕਰੇ ਲਈ ਬਣਾਈ ਰਣਨੀਤੀ ਅਸਰਦਾਰ ਤੇ ਨਵੀਨਤਮ ਹੋਵੇ ਤੇ ਇਸ ਨੂੰ ਲਗਾਤਾਰ ਵਧੇਰੇ ਸ਼ਕਤੀਸ਼ਾਲੀ ਤੇ ਨਵਾਂ ਨਕੋਰ ਬਣਾਇਆ ਜਾਵੇ। ਉਨ੍ਹਾਂ ਵਾਇਰਸ ਕਰਕੇ ਦਰਪੇਸ਼ ਖ਼ਤਰਿਆਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਖ਼ਤਰਾ ਅਦਿੱਖ ਹੈ ਤੇ ਅਕਸਰ ਨਵੇਂ ਰੂਪ ਵਿੱਚ ਵਿਗਸ ਜਾਂਦਾ ਹੈ। ਉਨ੍ਹਾਂ ਵਾਇਰਸ ਨੂੰ ‘ਕਪਟੀ’ ਤੇ ‘ਬਹਿਰੂਪੀਆ’ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੋਵਿਡ ਦੀ ਚੁਣੌਤੀ ਲਾਗ ਦੀ ਹੋਂਦ ਮੌਜੂਦ ਰਹਿਣ ਤੱਕ ਦਰਪੇਸ਼ ਰਹੇਗੀ। ਉਨ੍ਹਾਂ ਕਿਹਾ ਕਿ ਲਾਗ ਕਿੰਨੀ ਵੀ ਛੋਟੀ ਹੋਵੇ, ਜਦੋਂ ਤੱਕ ਇਸ ਦੀ ਹੋਂਦ ਹੈ, ਇਹ ਖ਼ਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਸੰਜੀਦਗੀ ਨਾਲ ਲਿਆ ਜਾਵੇ।
ਜ਼ਿਲ੍ਹਾ ਮੈਜਿਸਟਰੇਟਾਂ ਤੇ ਹੋਰਨਾਂ ਅਧਿਕਾਰੀਆਂ ਦੇ ਵਰਚੁਅਲੀ ਰੂਬਰੂ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਅੰਕੜਿਆਂ ਦੀ ਸਮੀਖਿਆ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਲਈ ਪਹਿਲਾਂ ਤੋਂ ਪੂਰੀ ਤਿਆਰੀ ਕਰ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਟੀਕਾਕਰਨ ਦੌਰਾਨ ਕਰੋਨਾ ਵੈਕਸੀਨ ਦੇ ਘੱਟ ਤੋਂ ਘੱਟ ਖਰਾਬੇ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦੀ ਹਰੇਕ ਖਰਾਬ ਹੁੰਦੀ ਖੁਰਾਕ ਕਿਸੇ ਦੂਸਰੇ ਨੂੰ ਇਸ ਰੋਗ ਤੋਂ ਬਚਾਅ ਲਈ ਸੁਰੱਖਿਆ ਢਾਲ ਨਾ ਦੇਣ ਵਾਂਗ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਮਸ਼ੀਨਰੀ, ਸਮਾਜਿਕ ਜਥੇਬੰਦੀਆਂ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਰੋਨਾ ਕੇਸਾਂ ਦੀ ਗਿਣਤੀ ਘਟਣ ਦੇ ਬਾਵਜੂਦ ਲੋਕ ਨੇਮਾਂ ਦੀ ਪਾਲਣਾ ਪ੍ਰਤੀ ਅਵੇਸਲੇ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਹੋਰ ਅਧਿਕਾਰੀ ਪੇਂਡੂ ਖੇਤਰਾਂ ਦਾ ਕਰੋਨਾ ਦੀ ਲਾਗ ਤੋਂ ਖਹਿੜਾ ਛੁਡਾਉਣ ਲਈ ਕੰਮ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁ਼ਦ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਹੀ ਰਾਹੇ ਪਾਉਣ। ਸ੍ਰੀ ਮੋਦੀ ਦੀ ਅਧਿਕਾਰੀਆਂ ਦੇ ਬੈਚ ਨਾਲ ਇਹ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਉਨ੍ਹਾਂ ਮੰਗਲਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰੋਨਾ ਮਹਾਮਾਰੀ ਨਾਲ ਸਿੱਝਣ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ ਸੀ।
ਸ੍ਰੀ ਮੋਦੀ ਨੇ ਕਰੋਨਾ ਮਹਾਮਾਰੀ ਨੂੰ ‘ਸੌ ਸਾਲਾਂ ਵਿੱਚ ਆਉਣ ਵਾਲੀ ਵੱਡੀ ਆਫ਼ਤ’ ਦੱਸਦਿਆਂ ਉਪਲੱਬਧ ਸਰੋਤਾਂ ਦੀ ਸੁਚੱਜੇ ਢੰਗ ਕੀਤੀ ਵਰਤੋਂ ਲਈ ਅਧਿਕਾਰੀਆਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਰੂਬਰੂ ਹੋਣ ਵਾਲੇ ਅਧਿਕਾਰੀ ਛੱਤੀਸਗੜ੍ਹ, ਹਰਿਆਣਾ, ਕੇਰਲਾ, ਮਹਾਰਾਸ਼ਟਰ, ਉੜੀਸਾ, ਪੁੱਡੂਚੇਰੀ, ਰਾਜਸਥਾਨ, ਯੂਪੀ, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ। -ਪੀਟੀਆਈ
ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ ਮਮਤਾ ਸਰਕਾਰ: ਭਾਜਪਾ
ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਕਰੋਨਾ ਦੇ ਹਾਲਾਤ ਨਾਲ ਨਜਿੱਠ ਸਕਣ ’ਚ ਆਪਣੀ ਸਰਕਾਰ ਦੀਆਂ ਨਾਕਾਮੀਆਂ ਲੁਕਾਉਣ ਲਈ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿਆਸੀ ਲਾਹਾ ਲੈਣ ਲਈ ਸਮੇਂ ਸਿਰ ਲੌਕਡਾਊਨ ਦਾ ਐਲਾਨ ਨਹੀਂ ਕੀਤਾ ਜਿਸ ਕਾਰਨ ਇਹ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਸਿਹਤ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਆਪਣੀ ਨਾਕਾਮੀ ਲੁਕਾਉਣ ਲਈ ਮਮਤਾ ਬੈਨਰਜੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਝੂਠੇ ਦੋਸ਼ ਲਾ ਰਹੀ ਹੈ। -ਪੀਟੀਆਈ