ਕੋਪੇਨਹੈਗਨ, 4 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਨੌਰਡਿਕ (ਯੂਰੋਪ ਦੇ ਉੱਤਰੀ ਹਿੱਸੇ ਵਿੱਚ ਵਸੇ) ਮੁਲਕ ਮਿਲ ਕੇ ਚੱਲਣ ਤਾਂ ਬਹੁਤ ਕੁਝ ਹਾਸਲ ਕਰਨ ਦੇ ਨਾਲ ਆਲਮੀ ਖ਼ੁਸ਼ਹਾਲੀ ਤੇ ਟਿਕਾਊ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਸ੍ਰੀ ਮੋਦੀ ਇਥੇ ਦੂਜੀ ਭਾਰਤ-ਨੌਰਡਿਕ ਸਿਖਰ ਵਾਰਤਾ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਾਰਤਾ ਵਿੱਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨੌਰਵੇ ਤੇ ਸਵੀਡਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ, ਜਿਨ੍ਹਾਂ ਨਾਲ ਸ੍ਰੀ ਮੋਦੀ ਨੇ ਮੁਲਾਕਾਤ ਕੀਤੀ। ਸਿਖਰ ਵਾਰਤਾ ਮੁੱਖ ਰੂਪ ਵਿੱਚ ਮਹਾਮਾਰੀ ਮਗਰੋਂ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਤੇ ਆਲਮੀ ਸੁਰੱਖਿਆ ਵਿੱਚ ਸਹਿਯੋਗ ਜਿਹੇ ਮੁੱਦਿਆਂ ’ਤੇ ਕੇਂਦਰਿਤ ਸੀ। ਵਾਰਤਾ ਦੌਰਾਨ ਯੂਕਰੇਨ ਸੰਕਟ ਦੇ ਵਿਆਪਕ ਖੇਤਰੀ ਅਤੇ ਆਲਮੀ ਅਸਰ ਬਾਰੇ ਵੀ ਚਰਚਾ ਕੀਤੀ ਗਈ। ਸਾਰੀਆਂ ਸਬੰਧਤ ਧਿਰਾਂ ਨੇ ਇਸ ਮੁੱਦੇ ’ਤੇ ਨੇੜਿਓਂ ਰਾਬਤਾ ਬਣਾ ਕੇ ਰੱਖਣ ਦੀ ਸਹਿਮਤੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਕਾਰਜ ਯੋਜਨਾ ‘ਚ ਪ੍ਰਗਤੀ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਸਕੱਤਰੇਤ ਨੇ ਟਵੀਟ ਕੀਤਾ, ‘ਸਵੀਡਨ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨੇ ਭਾਰਤ-ਸਵੀਡਨ ਦੋਸਤੀ ਨੂੰ ਹੋਰ ਵਿਆਪਕ ਕਰਨ ’ਤੇ ਗੱਲਬਾਤ ਕੀਤੀ।’