ਵਾਰਾਨਸੀ(ਯੂਪੀ), 18 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਵਾਰਾਨਸੀ ਸੰਸਦੀ ਹਲਕੇ ਦੇ ਭਾਜਪਾ ਵਰਕਰਾਂ ਨਾਲ ਆਡੀਓ ਜ਼ਰੀਏ ਰੂਬਰੂ ਹੋਏ। ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਕਾਸ਼ੀ ਵਿਸ਼ਵਨਾਥ ਲਾਂਘੇ ਦੀ ਪੁਨਰ ਸਥਾਪਨਾ, ਮਹਿਲਾ ਸਸ਼ਕਤੀਕਰਨ, ਬੁਨਿਆਦੀ ਢਾਂਚਾ ਤੇ ਸਿਹਤ ਸੰਭਾਲ ਜਿਹੇ ਮਜ਼ਮੂਨਾਂ ’ਤੇ ਵੀ ਵਿਚਾਰ ਚਰਚਾ ਹੋਈ। ਇਕ ਪਾਰਟੀ ਵਰਕਰ ਦੇ ਰੂਬਰੂ ਹੁੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਕਿਸਾਨਾਂ ਤੱਕ ਰਸਾਈ ਦੇ ਘੇਰੇ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਸਾਇਣ-ਮੁਕਤ ਫ਼ਰਟੀਲਾਈਜ਼ਰਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇ। ਸ੍ਰੀ ਮੋਦੀ ਨੇ ਕਈ ਕੇਂਦਰੀ ਸਕੀਮਾਂ ਦੀ ਵੀ ਗੱਲ ਕੀਤੀ, ਜਿਨ੍ਹਾਂ ਦਾ ਵਾਰਾਨਸੀ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਨਮੋ ਐਪ ’ਤੇ ‘ਕਮਲ ਪੁਸ਼ਪ’ ਵਰਗ ਲਈ ਬਣਦਾ ਯੋਗਦਾਨ ਪਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਮੋ ਐਪ ’ਤੇ ਇਕ ਬੜਾ ਹੀ ਦਿਲਚਸਪ ਸੈਕਸ਼ਨ ਹੈ ਜਿਸ ਨੂੰ ‘ਕਮਲ ਪੁਸ਼ਪ’ ਵਜੋਂ ਜਾਣਿਆ ਜਾਂਦਾ ਹੈ, ਜੋ ਹੋਰਨਾਂ ਲਈ ਪ੍ਰੇਰਨਾਸਰੋਤ ‘ਪਾਰਟੀ ਵਰਕਰਾਂ’ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਦੀ ਮਾਈਕਰੋ ਡੋਨੇਸ਼ਨ ਮੁਹਿੰਮ ਦਾ ਵੀ ਜ਼ਿਕਰ ਕੀਤਾ। ਉੱਤਰ ਪ੍ਰਦੇਸ਼ ਵਿੱਚ ਅਸੈਂਬਲੀ ਚੋਣਾਂ ਸੱਤ ਗੇੜਾਂ ਵਿੱਚ ਹੋਣਗੀਆਂ ਤੇ ਪਹਿਲੇ ਗੇੜ ਲਈ 10 ਫਰਵਰੀ ਨੂੰ ਵੋਟਾਂ ਪੈਣਗੀਆਂ। ਵਾਰਾਨਸੀ ਵਿੱਚ ਵੋਟਾਂ 7 ਮਾਰਚ ਨੂੰ 7ਵੇਂ ਤੇ ਆਖਰੀ ਗੇੜ ਵਿੱਚ ਹੋਣਗੀਆਂ। -ਪੀਟੀਆਈ