ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਊਨਾ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਊਨਾ ਦੇ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ। ਹਿਮਾਚਲ ਤੋਂ ਸ਼ੁਰੂ ਕੀਤੀ ਗਈ ਇਹ ਪਹਿਲੀ ਹਾਈ ਸਪੀਡ ਲਗਜ਼ਰੀ ਰੇਲ ਸੇਵਾ ਹੈ ਜੋ ਕਿ ਅੰਬ ਅੰਦੌਰਾ ਤੋਂ ਦਿੱਲੀ ਤਕ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਵੀ ਹਾਜ਼ਰ ਸਨ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਊਨਾ ਜ਼ਿਲ੍ਹੇ ਦੇ ਹਾਰੋਲੀ ਵਿਧਾਨ ਸਭਾ ਹਲਕੇ ਵਿੱਚ ਬਲਕ ਡਰੱਗ ਪਾਰਕ ਦਾ ਵੀ ਉਦਘਾਟਨ ਕੀਤਾ ਤੇ ਇੰਡੀਅਨ ਇਸਟੀਚਿਊਟ ਆਫ ਇਨਫਾਰਮੇਸ਼ਨ ਟੈਕਨਾਲੋਜੀ (ਆਈਆਈਆਈਟੀ) ਸੰਸਥਾ ਹਿਮਾਚਲ ਦੇ ਲੋਕਾਂ ਨੂੰ ਸਮਰਪਿਤ ਕੀਤੀ।
ਚੰਬਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਿਮਾਚਲ ਦੇ ਹਰ ਪਿੰਡ ਨੂੰ ਸੜਕ ਨਾਲ ਜੋੜਨਾ ਚਾਹੁੰਦੀ ਹੈ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਨੇ ਹਿਮਾਚਲ ਦੇ ਪੇਂਡੂ ਖੇਤਰਾਂ ਵਿੱਚ ਪਿਛਲੇ ਅੱਠ ਸਾਲਾਂ ਵਿੱਚ 1200 ਕਿਲੋਮੀਟਰ ਲੰਬੀਆਂ ਸੜਕਾਂ ਬਣਵਾਈਆਂ ਹਨ। ਸ੍ਰੀ ਮੋਦੀ ਨੇ ਦੋ ਹਾਈਡਰੋ ਬਿਜਲੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਜਿਨ੍ਹਾਂ ਵਿੱਚ 48 ਮੈਗਾਵਾਟ ਦਾ ਚਾਂਜੂ-3 ਤੇ 30 ਮੈਗਾਵਾਟ ਦਾ ਦੇਵਥਲ ਚੰਜੂ ਪਣ ਬਿਜਲੀ ਪ੍ਰਾਜੈਕਟ ਸ਼ਾਮਲ ਹਨ।