ਸ਼ਾਦਨਗਰ/ਜਾੜਛੇਰਲਾ, 30 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਵੱਧਦੀਆਂ ਤੇਲ ਕੀਮਤਾਂ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਇਨ੍ਹਾਂ ਮੁੱਦਿਆ ’ਤੇ ਗੱਲ ਕਿਉਂ ਨਹੀਂ ਕਰਦੇ। ਇਸ ਤੋਂ ਪਹਿਲਾਂ ਦਿਨੇ ਭਾਰਤ ਜੋੜੋ ਯਾਤਰਾ ’ਤੇ ਨਿਕਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੁਝ ਸਕੂਲੀ ਬੱਚਿਆਂ ਨਾਲ ਫਰਾਟਾ ਦੌੜ ਵੀ ਲਗਾਈ।
ਭਾਰਤ ਜੋੜੋ ਯਾਤਰਾ ਦੌਰਾਨ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠਲੀ ਟੀਆਰਐੱਸ ਸਰਕਾਰ ਤਿਲੰਗਾਨਾ ’ਚ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਨਿੱਜੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ, ‘ਨਰਿੰਦਰ ਮੋਦੀ ਜੀ ਕੁਝ ਕਹੋ। ਗੈਸ ਸਿਲੰਡਰ ਦੀ ਕੀਮਤ ਹੁਣ ਇੱਕ ਹਜ਼ਾਰ ਰੁਪਏ ਹੈ। ਪੈਟਰੋਲ ਦੀ ਕੀਮਤ 70 ਰੁਪਏ ਪ੍ਰਤੀ ਲਿਟਰ ਹੁੰਦੀ ਸੀ। ਨਰਿੰਦਰ ਮੋਦੀ ਆਪਣੇ ਹਰ ਭਾਸ਼ਣ ’ਚ ਇਸ ਦਾ ਜ਼ਿਕਰ ਕਰਦੇ ਸੀ ਕਿ ਪੈਟਰੋਲ ਦੀ ਕੀਮਤ 70 ਰੁਪਏ ਹੋ ਗਈ ਹੈ। ਹੁਣ ਇਹ ਸੌ ਰੁਪਏ ਨੂੰ ਟੱਪ ਗਿਆ ਹੈ। ਡੀਜ਼ਲ ਦੀ ਕੀਮਤ 56 ਰੁਪਏ ਹੁੰਦੀ ਸੀ। ਹੁਣ ਇਹ ਸੌ ਰੁਪਏ ਹੋ ਗਿਆ ਹੈ ਪਰ ਨਰਿੰਦਰ ਮੋਦੀ ਇਸ ਬਾਰੇ ਕੁਝ ਨਹੀਂ ਬੋਲਦੇ।’ ਉਨ੍ਹਾਂ ਕਿਹਾ ਕਿ ਭਾਜਪਾ ਤੇ ਟੀਆਰਐੱਸ ਲੋਕਾਂ ਦੀ ਆਵਾਜ਼ ਦਬਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਪੈਸੇ ਦੀ ਤਾਕਤ ਨਾਲ ਗੋਆ ਤੇ ਹੋਰ ਰਾਜਾਂ ’ਚ ਸਰਕਾਰਾਂ ਡੇਗੀਆਂ ਹਨ। ਭਾਜਪਾ ਤੇ ਟੀਆਰਐੱਸ ਨੂੰ ਇੱਕੋ ਜਿਹੀਆਂ ਦੱਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਚੋਣਾਂ ’ਚ ਕਰੋੜਾਂ ਰੁਪਏ ਖਰਚੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਭਰੋਸਾ ਦਿੱਤਾ ਹੋਇਆ ਹੈ ਕਿ ਉਨ੍ਹਾਂ ਦੇ ਤਿੰਨ-ਚਾਰ ਸਨਅਤਕਾਰ ਦੋਸਤ ਹੀ ਸਾਰਾ ਕਾਰੋਬਾਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਨੂੰ ਕਸ਼ਮੀਰ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਤੋਂ ਪਹਿਲਾਂ ਦਿਨੇ ਭਾਰਤ ਜੋੜੋ ਯਾਤਰਾ ’ਤੇ ਨਿਕਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਚਾਨਕ ਹੀ ਕੁਝ ਸਕੂਲੀ ਬੱਚਿਆਂ ਨਾਲ ਫਰਾਟਾ ਦੌੜ ਲਗਾਈ। ਇਸ ਕਾਰਨ ਹੋਰਾਂ ਨੂੰ ਵੀ ਦੌੜ ’ਚ ਸ਼ਾਮਲ ਹੋਣਾ ਪਿਆ। ਉਨ੍ਹਾਂ ਨਾਲ ਪੈਦਲ ਮਾਰਚ ਕਰ ਰਹੇ ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਅਤੇ ਹੋਰ ਆਗੂਆਂ ਨੂੰ ਵੀ ਦੌੜ ਲਗਾਉਣੀ ਪੈ ਗਈ। ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਸਵੇਰੇ ਇੱਥੋਂ ਪੈਦਲ ਮਾਰਚ ਸ਼ੁਰੂ ਕੀਤਾ ਸੀ। ਤਿਲੰਗਾਨਾ ’ਚ ਭਾਰਤ ਜੋੜੋ ਯਾਤਰਾ ਦਾ ਪੰਜਵਾਂ ਦਿਨ ਹੈ। ਰਾਹੁਲ ਸ਼ਨਿਚਰਵਾਰ ਨੂੰ 20 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ਮਗਰੋਂ ਜਾੜਛੇਰਲਾ ’ਚ ਰਾਤ ਨੂੰ ਰੁਕੇ ਸਨ। ਉਨ੍ਹਾਂ ਕਈ ਬੁੱਧੀਜੀਵੀਆਂ, ਵੱਖ ਵੱਖ ਭਾਈਚਾਰਿਆਂ ਦੇ ਆਗੂਆਂ ਅਤੇ ਹੋਰਾਂ ਨਾਲ ਵੀ ਮੁਲਾਕਾਤ ਕੀਤੀ। ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਨੇ ਯਾਤਰਾ ਲਈ 10 ਵਿਸ਼ੇਸ਼ ਕਮੇਟੀਆਂ ਬਣਾਈਆਂ ਹਨ। -ਪੀਟੀਆਈ
ਗੁਜਰਾਤ ’ਚ ਅੱਜ ਤੋਂ ‘ਪਰਿਵਰਤਨ ਸੰਕਲਪ ਯਾਤਰਾ’ ਸ਼ੁਰੂ ਕਰੇਗੀ ਕਾਂਗਰਸ
ਅਹਿਮਦਾਬਾਦ: ਕਾਂਗਰਸ 31 ਅਕਤੂਬਰ ਤੋਂ ਸੂਬੇ ਦੇ ਪੰਜ ਜ਼ੋਨਾਂ ’ਚ ‘ਗੁਜਰਾਤ ਪਰਿਵਰਤਨ ਸੰਕਲਪ ਯਾਤਰਾ’ ਦੀ ਸ਼ੁਰੂਆਤ ਕਰੇਗੀ ਅਤੇ ਇਸ ਦੌਰਾਨ 5400 ਕਿਲੋਮੀਟਰ ਲੰਮੇ ਰਾਹ ’ਚ 145 ਮੀਟਿੰਗਾਂ ਤੇ 95 ਰੈਲੀਆਂ ਕੀਤੀਆਂ ਜਾਣਗੀਆਂ। ਕਾਂਗਰਸ ਆਗੂਆਂ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ 31 ਅਗਤੂਬਰ ਨੂੰ ਵਡਗਾਮ, ਭੁੱਜ, ਸੋਮਨਾਥ, ਫਗਵੇਲ ਤੇ ਜੰਬੂਸਰ ਤੋਂ ਯਾਤਰਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮਤਰੀ ਦਿਗਵਿਜੈ ਸਿੰਘ ਤੇ ਕਮਲਨਾਥ, ਕਾਂਗਰਸ ਵਿਧਾਇਕ ਸਚਿਨ ਪਾਇਲਟ ਸਮੇਤ ਪਾਰਟੀ ਦੇ ਸੀਨੀਅਰ ਆਗੂ ਯਾਤਰਾ ’ਚ ਸ਼ਾਮਲ ਹੋਣਗੇ। ਕਾਂਗਰਸ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਜਗਦੀਸ਼ ਠਾਕੁਰ ਨੇ ਕਿਹਾ, ‘ਕਾਂਗਰਸ ਦੀ ‘ਪਰਿਵਰਤਨ ਸੰਕਲਪ ਯਾਤਰਾ’ ਗੁਜਰਾਤ ਦੇ ਪੰਜ ਜ਼ੋਨਾਂ ’ਚ ਸ਼ੁਰੂ ਹੋਵੇਗੀ। 5432 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਸ ਯਾਤਰਾ ਦਾ ਮਕਸਦ 4.5 ਕਰੋੜ ਲੋਕਾਂ ਨਾਲ ਸਿੱਧਾ ਰਾਬਤਾ ਕਰਨਾ ਹੈ।’ -ਪੀਟੀਆਈ