ਕੋਲਕਾਤਾ, 24 ਫਰਵਰੀ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਚੌਤਰਫ਼ਾ ਹਮਲਾ ਵਿੱਢਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ‘ਦੰਗਾਬਾਜ਼’ ਕਰਾਰ ਦੇ ਦਿੱਤਾ। ਹੂਗਲੀ ਜ਼ਿਲ੍ਹੇ ਦੇ ਸਾਹਾਗੰਜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਵੀ ਭੈੜਾ ਹਾਲ ਹੋਵੇਗਾ। ਮੋਦੀ ਵੱਲੋਂ ਪਿਛਲੇ ਹਫ਼ਤੇ ਇੱਥੇ ਰੈਲੀ ਕੀਤੀ ਗਈ ਸੀ। ਮਮਤਾ ਨੇ ਕਿਹਾ, ‘‘ਗੁਜਰਾਤ ਦੀ ਬੰਗਾਲ ’ਤੇ ਹਕੂਮਤ ਨਹੀਂ ਹੋਵੇਗੀ। ਬੰਗਾਲ ਹੀ ਬੰਗਾਲ ’ਤੇ ਰਾਜ ਕਰੇਗਾ। ਮੋਦੀ ਬੰਗਾਲ ’ਤੇ ਰਾਜ ਨਹੀਂ ਕਰਨਗੇ। ਕੋਈ ਗੁੰਡਾ ਬੰਗਾਲ ’ਤੇ ਰਾਜ ਨਹੀਂ ਕਰੇਗਾ।’’ ਮੁੱਖ ਮੰਤਰੀ ਨੇ ਤ੍ਰਿਣਮੂਲ ਦੇ ਪ੍ਰਸਿੱਧ ਚੋਣ ਨਾਅਰੇ ‘ਖੇਲਾ ਹੋਬੇ’ (ਖੇਡ ਹੋਵੇਗੀ) ਨੂੰ ਦੁਹਰਾਉਂਦਿਆਂ ਕਿਹਾ, ‘‘ਵਿਧਾਨ ਸਭਾ ਚੋਣਾਂ ਦੌਰਾਨ ਮੈਂ ਗੋਲਕੀਪਰ ਰਹਾਂਗੀ ਅਤੇ ਭਾਜਪਾ ਇੱਕ ਵੀ ਗੋਲ ਨਹੀਂ ਕਰ ਸਕੇਗੀ।’’ ਬੈਨਰਜੀ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਜਿਵੇਂ ਟਰੰਪ ਨਾਲ ਹੋਇਆ ਸੀ, ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਉਸ ਤੋਂ ਵੀ ਭੈੜਾ ਹਾਲ ਹੋਵੇਗਾ। -ਆਈਏਐੱਨਐੱਸ
ਬੰਗਾਲ ਦੇ ਲੋਕਾਂ ਦੇ ਟੀਕਾਕਰਨ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੱਛਮੀ ਬੰਗਾਲ ਦੀ ਕੋਵਿਡ-19 ਰੋਕੂ ਵੈਕਸੀਨ ਖ਼ਰੀਦਣ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਦਾ ਮੁਫ਼ਤ ਵਿੱਚ ਟੀਕਾਕਰਨ ਕੀਤਾ ਜਾ ਸਕੇ। ਬੈਨਰਜੀ ਨੇ ਪੱਤਰ ਵਿੱਚ ਲਿਖਿਆ, ‘‘ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਨੂੰ ਤੁਰੰਤ ਸਬੰਧਿਤ ਅਥਾਰਟੀ ਕੋਲ ਉਠਾਇਆ ਜਾਵੇ ਤਾਂ ਕਿ ਸੂਬਾ ਸਰਕਾਰ ਪ੍ਰਮੁੱਖ ਤਰਜੀਹ ਦੇ ਆਧਾਰ ’ਤੇ ਤੈਅ ਬਿੰਦੂਆਂ ਤੋਂ ਟੀਕਾ ਖ਼ਰੀਦਣ ਦੇ ਸਮਰਥ ਹੋਵੇ ਕਿਉਂਕਿ ਪੱਛਮੀ ਬੰਗਾਲ ਸਰਕਾਰ ਸਾਰੇ ਲੋਕਾਂ ਦਾ ਮੁਫ਼ਤ ਵਿੱਚ ਟੀਕਾਕਰਨ ਕਰਨਾ ਚਾਹੁੰਦੀ ਹੈ।’’ ਪੱਛਮੀ ਬੰਗਾਲ ਵਿੱਚ ਅਪਰੈਲ-ਮਈ ਵਿੱਚ ਚੋਣਾਂ ਹੋਣੀਆਂ ਹਨ। ਸੂਬੇ ਵਿੱਚ ਹੁਣ ਤੱਕ ਲਗਪਗ ਅੱਠ ਲੱਖ ਸਿਹਤ ਕਾਮਿਆਂ ਦਾ ਟੀਕਾਕਰਨ ਹੋ ਚੁੱਕਿਆ ਹੈ। -ਪੀਟੀਆਈ