ਸਿਲੀਗੁੜੀ/ਨਵੀਂ ਦਿੱਲੀ, 7 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੱਜਰਾ ਵਾਰ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਵੋਟਰਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਰਸੋਈ ਗੈਸ ਕੀਮਤਾਂ ’ਚ ਵਾਧੇ ਖ਼ਿਲਾਫ਼ ਰੋਸ ਦਰਜ ਕਰਵਾਉਂਦਿਆਂ ਅੱਜ ਇਥੇ ‘ਪਦਯਾਤਰਾ’ ਵੀ ਕੀਤੀ।
ਮਾਰਚ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੀਤੇ ਸਾਲਾਂ ਵਿੱਚ ਕਈ ‘ਖੋਖਲੇ’ ਵਾਅਦੇ ਕੀਤੇ ਹਨ ਤੇ ਲੋਕ ਹੁਣ ਉਨ੍ਹਾਂ ’ਤੇ ਯਕੀਨ ਨਹੀਂ ਕਰਦੇ। ਮਮਤਾ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ‘ਪ੍ਰਧਾਨ ਮੰਤਰੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਮੁਤਾਬਕ ਅਜੇ ਤੱਕ ਹਰੇਕ ਨਾਗਰਿਕ ਦੇ ਬੈਂਕ ਖਾਤੇ ’ਚ 15 ਲੱਖ ਰੁਪਏ ਕਿਉਂ ਨਹੀਂ ਪਾਏ।’ ਬੀਬੀ ਬੈਨਰਜੀ ਨੇ ਕਿਹਾ, ‘ਤੁਸੀਂ ਕਈ ਖੋਖਲੇ ਵਾਅਦੇ ਕੀਤੇ ਹਨ। ਲੋਕ ਹਰ ਵਾਰ ਤੁਹਾਡੀਆਂ ਝੂਠੀਆਂ ਗੱਲਾਂ ’ਚ ਨਹੀਂ ਆਉਣ ਵਾਲੇ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਦੇਸ਼ ਦੇ ਹਰ ਨਾਗਰਿਕ ਲਈ ਰਸੋਈ ਗੈਸ ਕੀਮਤਾਂ ਨੂੰ ਕਿਫਾਇਤੀ ਬਣਾਓ। ਤੁਸੀਂ ਰਸੋਈ ਗੈਸ ਸਿਲੰਡਰ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ।’
ਮਮਤਾ ਨੇ ਕਿਹਾ, ‘ਉਹ (ਮੋਦੀ) ਹਮੇਸ਼ਾ ਬੰਗਲਾ ’ਚ ਤਕਰੀਰ ਦਿੰਦਾ ਹੈ, ਪਰ ਸਾਰਾ ਭਾਸ਼ਣ ਗੁਜਰਾਤੀ ’ਚ ਲਿਖਿਆ ਹੁੰਦਾ ਹੈ, ਜਿਹੜਾ ਇਕ ਪਾਰਦਰਸ਼ੀ ਸ਼ੀਟ ਹੇਠ ਉਨ੍ਹਾਂ ਅੱਗੇ ਰੱਖਿਆ ਹੁੰਦਾ ਹੈ। ਉਹ ਇੰਜ ਵਿਖਾਉਂਦਾ ਹੈ ਜਿਵੇਂ ਉਸ ਨੂੰ ਬੰਗਾਲੀ ਬੋਲਣੀ ਆਉਂਦੀ ਹੈ।’ ਮੁੱਖ ਮੰਤਰੀ ਨੇ ਕਿਹਾ, ‘ਤੁਹਾਡੀ ਪਾਰਟੀ ਨੇ ਵਿਦਿਆਸਾਗਰ ਦੇ ਬੁੱਤ ਦੀ ਭੰਨਤੋੜ ਕੀਤੀ। ਤੁਹਾਡੀ ਪਾਰਟੀ ਨੇ ਬਿਰਸਾ ਮੁੰਡਾ ਦਾ ਨਿਰਾਦਰ ਕੀਤਾ। ਤੁਸੀਂ ਗਲਤ ਬਿਆਨੀ ਕੀਤੀ ਕਿ ਰਾਬਿੰਦਰਨਾਥ ਟੈਗੋਰ ਦਾ ਜਨਮ ਸ਼ਾਂਤੀਨਿਕੇਤਨ ’ਚ ਹੋਇਆ ਸੀ। ਇਹ ਸਭ ਕੁਝ ਬੰਗਾਲ ਤੇ ਇਸ ਦੇ ਸਭਿਆਚਾਰ ਬਾਰੇ ਤੁਹਾਡੀ ਜਾਣਕਾਰੀ ਨੂੰ ਦਰਸਾਉਂਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ‘ਆਪਣੀ ਆਵਾਜ਼’ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦੀ ਲੋੜ ਹੈ।
ਦੁਪਹਿਰ ਦੋ ਵਜੇ ਦੇ ਕਰੀਬ ਦਾਰਜੀਲਿੰਗ ਤੋਂ ਸ਼ੁਰੂ ਹੋਏ ਇਸ ਰੋਸ ਮਾਰਚ ਵਿੱਚ ਤ੍ਰਿਣਮੂਲ ਕਾਂਗਰਸੀ ਸੁਪਰੀਮੋ ਦੇ ਹਜ਼ਾਰਾਂ ਹਮਾਇਤੀ ਵੀ ਸ਼ਾਮਲ ਹੋਏ। ਇਨ੍ਹਾਂ ਹਮਾਇਤੀਆਂ ਨੇ ਰਸੋਈ ਗੈਸ ਸਿਲੰਡਰਾਂ ਦੇ ਕਾਰਡਬੋਰਡ ਦੇ ਬਣੇ ਕੱਟਆਊਟ ਚੁੱਕੇ ਹੋਏ ਸਨ। ਮਾਰਚ ਵਿੱਚ ਟੀਐੱਮਸੀ ਸਰਕਾਰ ’ਚ ਮੰਤਰੀ ਚੰਦਰਿਮਾ ਭੱਟਾਚਾਰੀਆ ਤੇ ਪਾਰਟੀ ਦੀਆਂ ਸੰਸਦ ਮੈਂਬਰਾਂ ਮਿਮੀ ਚੱਕਰਬਰਤੀ ਤੇ ਨੁਸਰਤ ਜਹਾਂ ਵੀ ਸ਼ਾਮਲ ਸਨ।
ਇਸ ਦੌਰਾਨ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੱੱਛਮੀ ਬੰਗਾਲ ਵਿੱਚ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਹੈ। ਮਮਤਾ ਵੱਲੋਂ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਨੂੰ ਕੀਤੀ ਗਈ ਇਹ ਅਪੀਲ ਇਸ ਲਈ ਵੀ ਅਹਿਮ ਹੈ ਕਿਉਂਕਿ ਝਾਰਖੰਡ ਵਿੱਚ ਜੇਐੱਮਐੱਮ ਤੇ ਕਾਂਗਰਸ ਦੀ ਗੱਠਜੋੜ ਸਰਕਾਰ ਹੈ ਜਦੋਂਕਿ ਪੱਛਮੀ ਬੰਗਾਲ ’ਚ ਕਾਂਗਰਸ ਖੱਬੇਪੱਖੀਆਂ ਨਾਲ ਮਿਲ ਕੇ ਟੀਐੱਮਸੀ ਤੇ ਭਾਜਪਾ ਖ਼ਿਲਾਫ਼ ਚੋਣਾਂ ਲੜ ਰਹੀ ਹੈ। -ਪੀਟੀਆਈ