ਵਾਇਨਾਡ, 1 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਹ ਮੁਲਕ ਦੇ ਲੱਖਾਂ ਗਰੀਬਾਂ ਨੂੰ ਮਜ਼ਬੂਤ ਬਣਾਉਣ ਦੀ ਬਜਾਏ ਵੱਡੇ ਕਾਰਪੋਰੇਟਾਂ ਦੀ ਸਹਾਇਤਾ ਕਰ ਰਹੇ ਹਨ। ਵਾਇਨਾਡ ਲੋਕ ਸਭਾ ਹਲਕੇ ’ਚ ਪੈਂਦੀਆਂ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਮੰਨਦੇ ਹਨ ਕਿ ਜੇਕਰ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਥਾਂ ’ਚ ਪੈਸਾ ਦਿੱਤਾ ਜਾਵੇਗਾ ਤਾਂ ਅਰਥਚਾਰੇ ’ਚ ਸੁਧਾਰ ਹੋਵੇਗਾ। ਪਰ ਹੋ ਇਹ ਰਿਹਾ ਹੈ ਕਿ ਵੱਡੇ ਕਾਰਪੋਰੇਟ ਇਹ ਪੈਸਾ ਲੈ ਕੇ ਰਫੂਚੱਕਰ ਹੋ ਜਾਂਦੇ ਹਨ।’’ ਰਾਹੁਲ ਗਾਂਧੀ ਨੇ ਮਨਨਥਾਵੜੀ ਅਤੇ ਸੁਲਤਾਨ ਬਥੇੜੀ ’ਚ ਰੋਡ ਸ਼ੋਅ ਕਰਕੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ। ਕਲਪੇਟਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੋਲ ਆਰਥਿਕ ਸੰਕਟ ਨੂੰ ਸੁਲਝਾਉਣ ਦਾ ਹੱਲ ਹੈ। ਉਨ੍ਹਾਂ ਕਿਹਾ,‘‘ਕੇਰਲਾ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਅਸੀਂ ਨਿਆਏ ਯੋਜਨਾ ਦਾ ਵਿਚਾਰ ਪੇਸ਼ ਕੀਤਾ ਹੈ। ਇਹ ਨਾ ਸਿਰਫ਼ ਗਰੀਬਾਂ ਲਈ ਸਹਾਈ ਹੋਵੇਗੀ ਸਗੋਂ ਕੇਰਲਾ ’ਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਨਿਆਏ ਯੋਜਨਾ ਤਹਿਤ ਕੇਰਲਾ ਦੇ ਗਰੀਬਾਂ ਦੇ ਬੈਂਕ ਖ਼ਾਤਿਆਂ ’ਚ ਛੇ-ਛੇ ਹਜ਼ਾਰ ਰੁਪਏ ਹਰ ਮਹੀਨੇ ਜਮ੍ਹਾਂ ਕਰਵਾਏ ਜਾਣਗੇ।’’ ਪਹਾੜੀ ਜ਼ਿਲ੍ਹੇ ਦੇ ਪਿੰਡਾਂ ’ਚ ਕਿਸਾਨਾਂ ਤੱਕ ਪਹੁੰਚ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਹਨ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ। ਉਨ੍ਹਾਂ ਕੇਰਲਾ ਦੇ ਭਖਦੇ ਮਸਲਿਆਂ ’ਤੇ ਆਪਣੇ ਖੱਬੇ-ਪੱਖੀ ‘ਦੋਸਤਾਂ’ ਨਾਲ ਬਹਿਸ ਦੀ ਚੁਣੌਤੀ ਦਿੱਤੀ ਹੈ ਤਾਂ ਜੋ ਲੋਕ ਫ਼ੈਸਲਾ ਕਰ ਸਕਣ ਕਿ ਉਹ ਕਿਸ ਵਿਚਾਰਧਾਰਾ ਨਾਲ ਸਹਿਮਤ ਹਨ। -ਪੀਟੀਆਈ