ਨਵੀਂ ਦਿੱਲੀ, 23 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 76 ਬਹੁ-ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ। ਇਹ ਫਲੈਟ ਸੰਸਦ ਮੈਂਬਰਾਂ ਲਈ 80 ਸਾਲ ਪੁਰਾਣੇ ਅੱਠ ਬੰਗਲਿਆਂ ਦੀ ਥਾਂ ’ਤੇ ਉਸਾਰੇ ਗਏ ਹਨ। ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸੰਸਦ ’ਚ ਹੁਣ ਵਧੇਰੇ ਕੰਮਕਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਡੀ ਸਰਕਾਰ ਦੇ 2014 ’ਚ ਸੱਤਾ ’ਚ ਆਉਣ ਮਗਰੋਂ ਲੋਕ ਸਭਾ ’ਚ ਕਈ ਇਤਿਹਾਸਕ ਬਿੱਲ ਪਾਸ ਹੋਏ ਹਨ। ਇਹ ਸਮਾਂ ਦੇਸ਼ ਦੇ ਵਿਕਾਸ ਲਈ ਇਤਿਹਾਸਕ ਰਿਹਾ ਹੈ।’’ ਨੌਜਵਾਨਾਂ ਲਈ 16 ਤੋਂ 18 ਸਾਲ ਦੀ ਉਮਰ ਨੂੰ ਅਹਿਮ ਦੱਸਦਿਆਂ ਉਨ੍ਹਾਂ ਇਸ ਦੀ ਤੁਲਨਾ 16ਵੀਂ ਅਤੇ 18ਵੀਂ ਲੋਕ ਸਭਾ ਨਾਲ ਕੀਤੀ ਅਤੇ ਕਿਹਾ ਕਿ ਇਹ ਸਮਾਂ ਭਾਰਤ ਵਰਗੇ ਨੌਜਵਾਨ ਮੁਲਕ ਲਈ ਵੀ ਬਹੁਤ ਮਹੱਤਵਪੂਰਨ ਹੈ। ‘ਮੁਲਕ ਲਈ ਅਜੇ ਬਹੁਤ ਕੁਝ ਹਾਸਲ ਕਰਨਾ ਬਾਕੀ ਹੈ। ਇਹ ਭਾਵੇਂ ਆਤਮ-ਨਿਰਭਰ ਭਾਰਤ ਮੁਹਿੰਮ ਹੋਵੇ ਜਾਂ ਆਰਥਿਕ ਟੀਚੇ ਜਾਂ ਹੋਰ ਅਹਿਦ, ਸਾਨੂੰ ਇਹ ਇਸੇ ਸਮੇਂ ਦੌਰਾਨ ਹਾਸਲ ਕਰਨੇ ਪੈਣਗੇ।’ ਸ੍ਰੀ ਮੋਦੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕੌਮੀ ਰਾਜਧਾਨੀ ’ਚ ਰਿਹਾਇਸ਼ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਨਵੇਂ ਫਲੈਟਾਂ ਦੀ ਲੜੀ ਦਾ ਇਕ ਪ੍ਰਾਜੈਕਟ ਹੁਣ ਮੁਕੰਮਲ ਹੋ ਗਿਆ ਹੈ। ਉਨ੍ਹਾਂ ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਕੇਂਦਰੀ ਸੂਚਨਾ ਕਮਿਸ਼ਨ ਦੀ ਇਮਾਰਤ ਅਤੇ ਜੰਗੀ ਯਾਦਗਾਰ ਮੁਕੰਮਲ ਕਰਨ ਦਾ ਵੀ ਹਵਾਲਾ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਇਨ੍ਹਾਂ ਫਲੈਟਾਂ ਦੀ ਉਸਾਰੀ ’ਤੇ ਮਨਜ਼ੂਰਸ਼ੁਦਾ ਲਾਗਤ ਤੋਂ ਕਰੀਬ 14 ਫ਼ੀਸਦ ਦੀ ਬੱਚਤ ਹੋਈ ਹੈ। -ਪੀਟੀਆਈ