ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਲੀਜਨ ਆਫ਼ ਮੈਰਿਟ’ ਸਨਮਾਨ ਦਿੱਤਾ ਹੈ। ਇਹ ਅਮਰੀਕਾ ਦਾ ਸਭ ਤੋਂ ਵੱਡਾ ਫ਼ੌਜੀ ਸਨਮਾਨ ਹੈ। ਮੋਦੀ ਨੂੰ ਇਹ ਸਨਮਾਨ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਉੱਚਾ ਚੁੱਕਣ ਤੇ ਆਲਮੀ ਤਾਕਤ ਵਜੋਂ ਭਾਰਤ ਦੇ ਉਭਾਰ ਦੀ ਰਫ਼ਤਾਰ ਤੇਜ਼ ਕਰਨ ਲਈ ਦਿੱਤਾ ਗਿਆ ਹੈ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਸਨਮਾਨ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ’ਬ੍ਰਾਈਨ ਤੋਂ ਵਾਈਟ ਹਾਊਸ ਵਿਚ ਸਵੀਕਾਰ ਕੀਤਾ। ਮੋਦੀ ਨੂੰ ਅਮਰੀਕਾ ਵੱਲੋਂ ਦਿੱਤਾ ਗਿਆ ਖ਼ਿਤਾਬ ‘ਲੀਜਨ ਆਫ਼ ਮੈਰਿਟ’ ਕਮਾਂਡਰ ਪੱਧਰ ਦਾ ਸਨਮਾਨ ਹੈ ਜੋ ਕਿ ਸਿਰਫ਼ ਸਰਕਾਰਾਂ ਦੇ ਮੁਖੀਆਂ ਨੂੰ ਦਿੱਤਾ ਜਾਂਦਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਸਨਮਾਨ ਉਨ੍ਹਾਂ ਦੀ ਅਗਵਾਈ ਤੇ ਭਾਰਤ ਨੂੰ ਆਲਮੀ ਤਾਕਤ ਬਣਾਉਣ ਦੇ ਉਨ੍ਹਾਂ ਦੇ ਨਜ਼ਰੀਏ ਦਾ ਪ੍ਰਤੀਕ ਹੈ। ‘ਲੀਜਨ ਆਫ਼ ਮੈਰਿਟ’ ਸਨਮਾਨ ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਨੂੰ ਵੀ ਦਿੱਤਾ ਗਿਆ ਹੈ। -ਪੀਟੀਆਈ