ਦਿਫੂ (ਅਸਾਮ), 28 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਉੱਤਰ-ਪੂਰਬੀ ਖ਼ਿੱਤੇ ’ਚੋਂ ਅਫ਼ਸਪਾ ਮੁਕੰਮਲ ਤੌਰ ’ਤੇ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਥੇ ‘ਸ਼ਾਂਤੀ, ਏਕਤਾ ਅਤੇ ਵਿਕਾਸ’ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ’ਚ ਅਮਨ-ਅਮਾਨ ਦੀ ਹਾਲਤ ’ਚ ਸੁਧਾਰ ਹੋਣ ਕਾਰਨ ਖ਼ਿੱਤੇ ਦੇ ਕਈ ਹਿੱਸਿਆਂ ’ਚੋਂ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਬਾਰੇ ਐਕਟ (ਅਫ਼ਸਪਾ) ਵਾਪਸ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,‘‘ਖ਼ਿੱਤੇ ’ਚ 75 ਫ਼ੀਸਦੀ ਹਿੰਸਾ ਘਟਣ ਨਾਲ ਹਾਲਾਤ ’ਚ ਸੁਧਾਰ ਹੋਇਆ ਹੈ। ਅਫ਼ਸਪਾ ਸਭ ਤੋਂ ਪਹਿਲਾਂ ਤ੍ਰਿਪੁਰਾ ਅਤੇ ਫਿਰ ਮੇਘਾਲਿਆ ’ਚੋਂ ਹਟਾਇਆ ਗਿਆ। ਅਸਾਮ ਦੀਆਂ ਪਿਛਲੀਆਂ ਸਰਕਾਰਾਂ ਨੇ ਤਿੰਨ ਦਹਾਕਿਆਂ ਤੋਂ ਹਾਲਾਤ ’ਚ ਸੁਧਾਰ ਨਾ ਹੋਣ ਕਾਰਨ ਅਫ਼ਸਪਾ ਦੀ ਮਿਆਦ ਵਾਰ ਵਾਰ ਵਧਾਈ ਸੀ। ਅਸਾਮ ਦੇ ਜ਼ਿਆਦਾਤਰ ਹਿੱਸਿਆਂ ’ਚੋਂ ਅਫ਼ਸਪਾ ਹਟਾ ਲਿਆ ਗਿਆ ਹੈ ਅਤੇ ਬਾਕੀ ਹਿੱਸਿਆਂ ’ਚੋਂ ਵੀ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।’’ ਪ੍ਰਧਾਨ ਮੰਤਰੀ ਮੁਤਾਬਕ ਨਾਗਾਲੈਂਡ ਅਤੇ ਮਨੀਪੁਰ ਦੇ ਕੁਝ ਇਲਾਕਿਆਂ ’ਚ ਐਕਟ ਲਾਗੂ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਨੂੰ ਮੁਕੰਮਲ ਤੌਰ ’ਤੇ ਹਟਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਅਸਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸਾਮ ’ਚ ਪੱਕੇ ਤੌਰ ’ਤੇ ਸ਼ਾਂਤੀ ਸਥਾਪਤ ਹੋਈ ਹੈ ਅਤੇ ਵਿਕਾਸ ਨੇ ਰਫ਼ਤਾਰ ਫੜੀ ਹੈ। ‘ਕਾਰਬੀ ਐਂਗਲੌਂਗ ਦੇ ਕਈ ਧੜੇ ਮੁੱਖ ਧਾਰਾ ’ਚ ਪਰਤ ਆਏ ਹਨ। 2020 ’ਚ ਬੋਡੋ ਸਮਝੌਤੇ ਕਾਰਨ ਖ਼ਿੱਤੇ ਅਤੇ ਤ੍ਰਿਪੁਰਾ ’ਚ ਸ਼ਾਂਤੀ ਦਾ ਰਾਹ ਪੱਧਰਾ ਹੋਇਆ। ਐੱਨਐੱਲਐੱਫਟੀ ਵੀ ਸ਼ਾਂਤੀ ਲਈ ਅੱਗੇ ਆਈ ਹੈ ਜਦਕਿ ਢਾਈ ਦਹਾਕੇ ਪੁਰਾਣਾ ਬਰੂ-ਰਿਆਂਗ ਮੁੱਦਾ ਵੀ ਸੁਲਝ ਗਿਆ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਉੱਤਰ-ਪੂਰਬ ਬੰਬ ਧਮਾਕਿਆਂ ਅਤੇ ਹਿੰਸਾ ਲਈ ਜਾਣਿਆ ਜਾਂਦਾ ਸੀ ਅਤੇ ਇਸ ਦੇ ਸਭ ਤੋਂ ਵੱਡੇ ਪੀੜਤਾਂ ’ਚ ਸਾਡੀਆਂ ਮਾਵਾਂ, ਭੈਣਾਂ ਅਤੇ ਬੱਚੇ ਸਨ। ‘ਨੌਜਵਾਨਾਂ ਵੱਲੋਂ ਆਪਣੇ ਹਥਿਆਰ ਸੁੱਟਣ ’ਤੇ ਹੁਣ ਜਦੋਂ ਮੈਂ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਦੇਖਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਮੈਨੂੰ ਆਸ਼ੀਰਵਾਦ ਦੇ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਨੇ ਕਾਰਬੀ ਐਂਗਲੌਂਗ ਅਤੇ ਹੋਰ ਆਦਿਵਾਸੀ ਇਲਾਕਿਆਂ ’ਚ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਨੀਤੀ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਖ਼ਿੱਤੇ ਦੇ ਸੂਬਿਆਂ ਵਿਚਕਾਰ ਸਰਹੱਦੀ ਮਸਲੇ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੇਘਾਲਿਆ ਅਤੇ ਅਸਾਮ ਵਿਚਕਾਰ ਸਰਹੱਦੀ ਸਮਝੌਤਾ ਹੋਰਾਂ ਨੂੰ ਮਸਲੇ ਸੁਲਝਾਉਣ ਲਈ ਪ੍ਰੇਰਿਤ ਕਰੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਾਰਬੀ ਐਂਗਲੌਂਗ ’ਚ ਮਾਡਲ ਸਰਕਾਰੀ ਕਾਲਜ ਅਤੇ ਵੈਟਰਨਰੀ ਸਾਇੰਸ ਤੇ ਖੇਤੀਬਾੜੀ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਪੂਰੇ ਅਸਾਮ ’ਚ 2985 ‘ਅੰਮ੍ਰਿਤ ਸਰੋਵਰ’ ਪ੍ਰਾਜੈਕਟ ਵੀ ਲਾਂਚ ਕੀਤੇ। -ਪੀਟੀਆਈ
ਉੱਤਰ-ਪੂਰਬ ਵਿੱਚ ਅਤਿਵਾਦ ਦੀਆਂ ਘਟਨਾਵਾਂ 80 ਫੀਸਦ ਘਟਣ ਦਾ ਦਾਅਵਾ
ਨਵੀਂ ਦਿੱਲੀ: ਪਿਛਲੇ ਅੱਠ ਸਾਲਾਂ ’ਚ ਪੂਰਬ-ਉੱਤਰ ਰਾਜਾਂ ’ਚ ਘੁਸਪੈਠ ਤੇ ਅਤਿਵਾਦ ਦੀਆਂ ਘਟਨਾਵਾਂ ’ਚ 80 ਫੀਸਦ ਤੱਕ ਕਮੀ ਆਈ ਹੈ ਜਦਕਿ ਸੁਰੱਖਿਆ ਬਲਾਂ ਜਵਾਨਾਂ ਦੇ ਜਾਨੀ ਨੁਕਸਾਨ ਦੀ ਗਿਣਤੀ 75 ਫੀਸਦ ਤੇ ਆਮ ਨਾਗਰਿਕਾਂ ਦੀਆਂ ਮੌਤਾਂ ’ਚ 99 ਫੀਸਦ ਤੱਕ ਕਮੀ ਆਈ ਹੈ। ਗ੍ਰਹਿ ਮੰਤਰਾਲੇ ਦੀ ਸਾਲਾਨਾ ਰਿਪੋਰਟ ’ਚ ਇਸ ਸਬੰਧੀ ਦਾਅਵਾ ਕੀਤਾ ਗਿਆ ਗਿਆ ਹੈ। ਗ੍ਰਹਿ ਮੰਤਰਾਲੇ ਦੀ ਸਾਲਾਨਾ ਰਿਪੋਰਟ ਅਨੁਸਾਰ 2014 ਤੋਂ ਬਾਅਦ ਪੂਰਬ-ਉੱਤਰੀ ਰਾਜਾਂ ’ਚ ਸੁਰੱਖਿਆ ਦੀ ਸਥਿਤੀ ’ਚ ਕਾਫੀ ਸੁਧਾਰ ਹੋਇਆ ਹੈ ਤੇ ਸਾਲ 2020 ’ਚ ਪਿਛਲੇ ਦੋ ਦਹਾਕਿਆਂ ਦੌਰਾਨ ਅਤਿਵਾਦ, ਨਾਗਰਿਕਾਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਜਾਨੀ ਨੁਕਸਾਨ ਦੀਆਂ ਘਟਨਾਵਾਂ ਸਭ ਤੋਂ ਘੱਟ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਰਿਪੋਰਟ ’ਚ ਕਿਹਾ ਗਿਆ ਹੈ, ‘2014 ਮੁਕਾਬਲੇ 2020 ’ਚ ਅਤਿਵਾਦ ਦੀਆਂ ਘਟਨਾਵਾਂ ’ਚ 80 ਫੀਸਦ ਦੀ ਕਮੀ ਆਈ ਹੈ। ਇਸੇ ਤਰ੍ਹਾਂ ਇਸ ਮਿਆਦ ’ਚ ਸੁਰੱਖਿਆ ਬਲਾਂ ਦੇ ਜਾਨੀ ਨੁਕਸਾਨ ’ਚ 75 ਫੀਸਦ ਤੇ ਆਮ ਨਾਗਰਿਕਾਂ ਦੀਆਂ ਮੌਤਾਂ ਦੇ ਮਾਮਲੇ ’ਚ 99 ਫੀਸਦ ਕਮੀ ਆਈ ਹੈ।’ ਰਿਪੋਰਟ ਅਨੁਸਾਰ 2020 ’ਚ 2019 ਮੁਕਾਬਲੇ ਅਤਿਵਾਦ ਦੀਆਂ ਘਟਨਾਵਾਂ ’ਚ ਤਕਰੀਬਨ 27 ਫੀਸਦ (2019 ’ਚ 223 ਘਟਨਾਵਾਂ ਤੇ 2020 ’ਚ 162 ਘਟਨਾਵਾਂ) ਅਤੇ ਨਾਗਰਿਕ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਜਾਨੀ ਨੁਕਸਾਨ ’ਚ ਤਕਰੀਬਨ 72 ਫੀਸਦ (2019 ’ਚ 25 ਤੇ 2020 ’ਚ 7) ਦੀ ਗਿਰਾਵਟ ਦੇਖੀ ਗਈ ਹੈ।
ਰਿਪੋਰਟ ’ਚ ਕਿਹਾ ਗਿਆ ਕਿ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗਈਆਂ ਮੁਹਿੰਮਾਂ ’ਚ 21 ਬਾਗੀ ਹਲਾਕ ਹੋਏ, 646 ਬਾਗੀ ਗ੍ਰਿਫ਼ਤਾਰ ਕੀਤੇ ਗਏ ਅਤੇ ਇਲਾਕੇ ’ਚੋਂ 2020 ’ਚ 305 ਹਥਿਆਰ ਬਰਾਮਦ ਕੀਤੇ ਗਏ। ਪੂਰਬ-ਉੱਤਰ ਰਾਜਾਂ ’ਚ ਬਾਗੀ ਗਰੁੱਪਾਂ ਦੇ ਘੱਟ ਤੋਂ ਘੱਟ 2644 ਮੈਂਬਰਾਂ ਨੇ 2020 ’ਚ ਆਤਮ ਸਮਰਪਣ ਕਰ ਦਿੱਤਾ ਅਤੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ। ਮਿਜ਼ੋਰਮ, ਸਿੱਕਮ ਤੇ ਤ੍ਰਿਪੁਰਾ ’ਚ ਹਾਲਾਤ ਕੁੱਲ ਮਿਲਾ ਕੇ ਸ਼ਾਂਤੀ ਪੂਰਨ ਰਹੇ ਪਰ ਖੇਤਰ ਦੇ ਹੋਰਨਾਂ ਰਾਜਾਂ ’ਚ ਸੁਰੱਖਿਆ ਹਾਲਾਤ ’ਚ ਸੁਧਾਰ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2019 ਮੁਕਾਬਲੇ 2020 ’ਚ ਅਰੁਣਾਚਲ ਪ੍ਰਦੇਸ਼ ਵਿੱਚ ਅਤਿਵਾਦ ਨਾਲ ਸਬੰਧਤ ਹਿੰਸਾ ’ਚ 41 ਫੀਸਦ, ਅਸਾਮ ’ਚ 12 ਫੀਸਦ, ਮਣੀਪੁਰ ’ਚ 23 ਫੀਸਦ ਤੇ ਨਾਗਾਲੈਂਡ ’ਚ 45 ਫੀਸਦ ਤੱਕ ਕਮੀ ਦਰਜ ਕੀਤੀ ਗਈ ਹੈ। -ਪੀਟੀਆਈ
ਮੋਦੀ ਵੱਲੋਂ ਡਬਿਰੂਗੜ੍ਹ ’ਚ ਕੈਂਸਰ ਕੇਅਰ ਸੈਂਟਰ ਦਾ ਉਦਘਾਟਨ
ਡਬਿਰੂਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਸਾਮ ਦੇ ਡਬਿਰੂਗੜ੍ਹ ਜ਼ਿਲ੍ਹੇ ’ਚ ਕੈਂਸਰ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਅਸਾਮ ਕੈਂਸਰ ਕੇਅਰ ਫਾਊਂਡੇਸ਼ਨ ਵੱਲੋਂ ਵਿਕਸਤ ਇਹ ਸੈਂਟਰ ਸੂਬਾ ਸਰਕਾਰ ਅਤੇ ਟਾਟਾ ਟਰੱਸਟ ਦਾ ਸਾਂਝਾ ਉੱਦਮ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਸੱਤ ਮੈਡੀਕਲ ਸੈਂਟਰਾਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਸੈਂਟਰ ਅੰਦਰ ਸਹੂਲਤਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਧੁਬਰੀ, ਗੋਲਪਾੜਾ, ਗੋਲਾਘਾਟ, ਸ਼ਿਵਸਾਗਰ, ਨਲਬਾੜੀ, ਨਗਾਉਂ ਅਤੇ ਤਿਨਸੁਕੀਆ ’ਚ ਸੱਤ ਹਸਪਤਾਲਾਂ ਦਾ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ