ਜੈਪੁਰ, 2 ਨਵੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਮੱਦੇਨਜ਼ਰ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀਆਂ ਰਿਕਾਰਡ ਕੀਮਤਾਂ ਲਈ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਲੋਕਾਂ ਨੂੰ ਦੀਵਾਲੀ ’ਤੇ ਮਹਿੰਗਾਈ ਤੋਹਫ਼ੇ ਵਜੋਂ ਦਿੱਤੀ ਹੈ। ਗਹਿਲੋਤ ਨੇ ਇਕ ਟਵੀਟ ਵਿਚ ਕਿਹਾ ਕਿ ਤੇਲ, ਗੈਸ, ਖਾਣ ਵਾਲੇ ਤੇਲ ਤੇ ਸਬਜ਼ੀਆਂ ਦੀ ਕੀਮਤ ਦੇਖ ਕੇ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਹੀ ਤੋਹਫ਼ੇ ਵਜੋਂ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰਾਂ ਕੋਸ਼ਿਸ਼ ਕਰਦੀਆਂ ਸਨ ਕਿ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਘੱਟ ਤੋਂ ਘੱਟ ਕੀਤੀ ਜਾਵੇ ਤਾਂ ਕਿ ਲੋਕ ਤਿਉਹਾਰ ਖ਼ੁਸ਼ੀ ਤੇ ਆਨੰਦ ਨਾਲ ਮਨਾ ਸਕਣ। ਪਰ ਇਸ ਦੇ ਉਲਟ ਸਰਕਾਰ ਨੇ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 266 ਰੁਪਏ ਵਧਾ ਦਿੱਤੀ।
ਰਾਜਸਥਾਨ ਦੇ ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਮੁਲਕ ਅੱਜ ਸਾਬਕਾ ਕੈਗ ਵਿਨੋਦ ਰਾਏ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਭੁਗਤ ਰਿਹਾ ਹੈ ਜਿਨ੍ਹਾਂ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀ ਸਾਖ਼ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਦੱਸਣਯੋਗ ਹੈ ਕਿ ਸਾਬਕਾ ਕੈਗ ਰਾਏ ਨੇ ਵੀਰਵਾਰ ਕਾਂਗਰਸ ਆਗੂ ਸੰਜੈ ਨਿਰੂਪਮ ਤੋਂ ਮੁਆਫ਼ੀ ਮੰਗੀ ਹੈ। ਰਾਏ ਨੇ ਮੰਨਿਆ ਹੈ ਕਿ ਉਨ੍ਹਾਂ ਨਿਰੂਪਮ ਨੂੰ ‘ਗਲਤ ਢੰਗ ਨਾਲ’ ਉਨ੍ਹਾਂ ਸੰਸਦ ਮੈਂਬਰਾਂ ਵਿਚ ਸ਼ਾਮਲ ਦੱਸਿਆ ਸੀ ਜਿਨ੍ਹਾਂ ਇਸ ਗੱਲ ਦਾ ਦਬਾਅ ਬਣਾਇਆ ਸੀ ਕਿ 2ਜੀ ਬਾਰੇ ਕੈਗ ਰਿਪੋਰਟ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਂ ਨਾ ਲਿਆ ਜਾਵੇ। ਨਿਰੂਪਮ ਨੇ ਇਸ ਤੋਂ ਬਾਅਦ ਰਾਏ ’ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ। -ਪੀਟੀਆਈ