ਮੁੰਬਈ, 3 ਸਤੰਬਰ
ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਕੌਮੀ ਮੋਨੇਟਾਈਜ਼ੇਸ਼ਨ ਪਾਈਪਲਾਈਨ (ਐੱਨਐੱਮਪੀ) ਯੋਜਨਾ ਦੇ ਉਦੇਸ਼ ਦਾ ਖੁਲਾਸਾ ਕਰੇ। ਉਨ੍ਹਾਂ ਕਿਹਾ ਕਿ ਕੀ ਸਰਕਾਰ ਦਾ ਇਕੋ ਇਕ ਉਦੇਸ਼ ਚਾਰ ਸਾਲਾਂ ’ਚ ਮਾਲੀਆ ਉਗਰਾਹੁਣਾ ਹੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਿਦੰਬਰਮ ਨੇ ਮੋਦੀ ਸਰਕਾਰ ਨੂੰ 20 ਸਵਾਲ ਵੀ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੂੰ ਐੱਨਐੱਮਪੀ ਅਤੇ ਸੰਪਤੀਆਂ ਨੂੰ ਪ੍ਰਾਈਵੇਟ ਹੱਥਾਂ ’ਚ ਵੇਚ ਕੇ ਛੇ ਲੱਖ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਬਾਰੇ ਇਤਰਾਜ਼ ਤੇ ਖ਼ਦਸ਼ੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਪਤੀਆਂ ਦੀ ਮੋਨੇਟਾਈਜ਼ੇਸ਼ਨ ਲਈ ਪਛਾਣ ਕੀਤੀ ਗਈ ਹੈ, ਉਹ ਹਰ ਸਾਲ ਢੁੱਕਵਾਂ ਮਾਲੀਆ ਇਕੱਠਾ ਕਰਕੇ ਦੇ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਨੇ ਇਹ ਵੀ ਸਵਾਲ ਕੀਤਾ ਕਿ ਕੀ ਸਰਕਾਰ ਨੇ ਮੌਜੂਦਾ ਮਾਲੀਆ ਅਤੇ ਚਾਰ ਸਾਲਾਂ ’ਚ ਮਿਲਣ ਵਾਲੇ ਛੇ ਲੱਖ ਕਰੋੜ ਰੁਪਏ ਦੇ ਮਾਲੀਏ ’ਚ ਫਰਕ ਦਾ ਮੁਲਾਂਕਣ ਕੀਤਾ ਹੈ? ‘ਜੇਕਰ ਮੁਲਾਂਕਣ ਕੀਤਾ ਹੈ ਤਾਂ ਫਿਰ ਇਨ੍ਹਾਂ ਚਾਰ ਸਾਲਾਂ ’ਚ ਹਰ ਸਾਲ ਦੋਵੇਂ ਮਾਲੀਏ ’ਚ ਕਿੰਨਾ ਫਰਕ ਹੋਵੇਗਾ?’ ਉਨ੍ਹਾਂ ਕਿਹਾ ਕਿ ਐੱਨਐੱਮਪੀ ਲਈ 100 ਲੱਖ ਕਰੋੜ ਰੁਪਏ ਦੀ ਲੋੜ ਹੋਵੇਗੀ ਅਤੇ ਕੀ ਛੇ ਲੱਖ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨਾ ਜਾਇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ ਘਾਟੇ ਵਾਲੀਆਂ ਕੰਪਨੀਆਂ ਨੂੰ ਵੇਚਿਆ ਸੀ ਪਰ ਮੋਦੀ ਸਰਕਾਰ ਕਮਾ ਕੇ ਦੇ ਰਹੀਆਂ ਕੰਪਨੀਆਂ ਨੂੰ ਵੀ ਵੇਚਣ ’ਤੇ ਤੁਲੀ ਹੋਈ ਹੈ। ਸ੍ਰੀ ਚਿਦੰਬਰਮ ਨੇ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਛੇ ਲੱਖ ਕਰੋੜ ਰੁਪਏ ਦੇ ਮਾਲੀਏ ਦੀ ਵਰਤੋਂ 2021-22 ਦੌਰਾਨ 5.5 ਲੱਖ ਕਰੋੜ ਰੁਪਏ ਦੇ ਰਾਜਕੋਸ਼ੀ ਘਾਟੇ ਨੂੰ ਪੂਰਨ ਲਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਪਤੀਆਂ ਨੂੰ ਬਣਾਉਣ ’ਚ ਵਰ੍ਹਿਆਂ ਦਾ ਸਮਾਂ ਲੱਗਾ, ਮੋਦੀ ਸਰਕਾਰ ਦੀ ਯੋਜਨਾ ਉਨ੍ਹਾਂ ਦੀ ਦਿਨ-ਦਿਹਾੜੇ ਲੁੱਟ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸੰਪਤੀਆਂ ਵੇਚੇ ਜਾਣ ਦੇ ਖਦਸ਼ਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। -ਪੀਟੀਆਈ