ਨਵੀਂ ਦਿੱਲੀ, 24 ਫਰਵਰੀ
ਕਾਂਗਰਸ ਨੇ ਅੱਜ ਸਰਕਾਰ ਉੱਤੇ ਔਖੇ ਵੇਲੇ ਪਿੱਠ ਦਿਖਾਉਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਸੁੱਖ ਦੀ ਨੀਂਦ ’ਚੋਂ ਜਾਗਣ ਤੇ ਯੂਕਰੇਨ ਵਿੱਚ ਫਸੇ 20 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਕੱਢਣ। ਵਿਰੋਧੀ ਪਾਰਟੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਉਸ ਨੇ ਸਮਾਂ ਰਹਿੰਦਿਆਂ ਇਨ੍ਹਾਂ 20 ਹਜ਼ਾਰ ਭਾਰਤੀ ਨੌਜਵਾਨਾਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਪ੍ਰਬੰਧ ਕਿਉਂ ਨਹੀਂ ਕੀਤੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘‘ਯੂਕਰੇਨ ਵਿੱਚ ਫਸੇ 20,000 ਭਾਰਤੀਆਂ ਦੀ ਸੁਰੱਖਿਆ ਸਾਡੇ ਲਈ ਸਰਵੋਤਮ ਹੈ। ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਯਤਨਾਂ ਨੂੰ ਤੇਜ਼ ਕਰੇ।’’ ਰਾਹੁਲ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਇਕ ਵੀਡੀਓ ਵੀ ਸਾਂਝੀ ਕੀਤੀ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਖ਼ੌਫ਼ ਵਿੱਚ ਜਿਉਂ ਰਹੇ ਹਨ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਵਿੱਚ ਰੁੱਝੇ ਹਨ। ਸੁਰਜੇਵਾਲਾ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੁਸ਼ਕਲ ਵੇਲਿਆਂ ਵਿੱਚ ਪਿੱਠ ਦਿਖਾਉਣੀ…ਮੂਕ ਦਰਸ਼ਕ ਬਣੇ ਰਹਿਣਾ ਮੋਦੀ ਸਰਕਾਰ ਦੀ ਆਦਤ ਬਣ ਗਈ ਹੈ।’’ ਸੁਰਜੇਵਾਲਾ ਨੇ ਕਿਹਾ, ‘‘ਸਮਾਂ ਰਹਿੰਦਿਆਂ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਕੱੱਢਣ ਲਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕੀ ਇਹ ਆਤਮਨਿਰਭਰ ਮਿਸ਼ਨ ਹੈ?’’ ਸੁਰਜੇਵਾਲਾ ਨੇ ਕਿਹਾ, ‘‘ਕਰੋਨਾ ਦੌਰਾਨ ਉਨ੍ਹਾਂ ਦੇ ‘ਐਲਾਨਨਾਮੇ’ ਨੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਹਜ਼ਾਰਾਂ ਕਿਲੋਮੀਟਰ ਪੈਦਲ ਤੁਰਨ ਲਈ ਮਜਬੂਰ ਕੀਤਾ ਤੇ ਹੁਣ ਉਨ੍ਹਾਂ ਦੀ ਚੁੱਪੀ ਨੇ 20 ਹਜ਼ਾਰ ਭਾਰਤੀ ਨੌਜਵਾਨਾਂ ਦੀ ਜਾਨ ਜੋਖ਼ਮ ਪਾ ਦਿੱਤੀ ਹੈ। ਕੀ ਮੁਸੀਬਤ ’ਚ ਦੇਸ਼ ਦੇ ਲੋਕਾਂ ਤੋਂ ਮੂੰਹ ਮੋੜਨਾ, ‘ਮੋਦੀ ਮਾਡਲ’ ਦਾ ਹੱਲ ਹੈ।’’ -ਪੀਟੀਆਈ