ਨਵੀਂ ਦਿੱਲੀ, 19 ਅਗਸਤ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ’ਤੇ ਦੇਸ਼ ਵਿੱਚ ਗ਼ਰੀਬੀ ਵਧਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨਿਆਂ ਯੋਜਨਾ ਲਾਗੂ ਕਰਕੇ ਗ਼ਰੀਬਾਂ ਨੂੰ 6 ਹਜ਼ਾਰ ਰੁਪਏ ਦੀ ਮਾਸਿਕ ਮਦਦ ਦੇਣ ਦੀ ਲੋੜ ਹੈ। ਉਨ੍ਹਾਂ ਫੇਸਬੁੱਕ ਪੋਸਟ ਵਿੱਚ ਕਿਹਾ,‘ਮੋਦੀ ਸਰਕਾਰ ਦੇਸ਼ ਵਿੱਚ ਵਧਾ ਹੈ ਗ਼ਰੀਬੀ। 13.4 ਕਰੋੜ ਭਾਰਤੀ 150 ਰੁਪਏ ਪ੍ਰਤੀ ਦਿਨ ਤੋਂ ਘੱਟ ਕਮਾ ਰਹੇ ਹਨ। ਇਨ੍ਹਾਂ ਪਰਿਵਾਰਾਂ ਨੂੰ ਨਿਆਂ ਯੋਜਨਾ ਅਧੀਨ ਛੇ ਹਜ਼ਾਰ ਰੁਪਏ ਮਹੀਨਾ ਕਿਉਂ ਨਾ ਦਿੱਤਾ ਜਾਵੇ?’ ਕਾਂਗਰਸ ਆਗੂ ਨੇ ਪੀਯੂ ਰਿਸਰਚ ਸੈਂਟਰ ਦਾ ਹਵਾਲਾ ਦਿੰਦਿਆਂ ਇਕ ਚਾਰਟ ਰਾਹੀਂ ਦਾਅਵਾ ਕੀਤਾ ਕਿ ਸਾਲ 2020 ਵਿੱਚ ਛੇ ਕਰੋੜ ਭਾਰਤੀ ਨਾਗਰਿਕਾਂ ਦੀ ਆਮਦਨ 150 ਰੁਪਏ ਪ੍ਰਤੀ ਦਿਨ ਸੀ ਪਰ 2021 ਵਿੱਚ ਇਹ ਅੰਕੜਾ ਵਧ ਕੇ 13.4 ਕਰੋੜ ਰੁਪਏ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ (ਨਿਆਂ) ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਸੱਤਾ ਵਿੱਚ ਆਉਣ ਮਗਰੋਂ ਉਹ ਦੇਸ਼ ਦੇ ਕਰੀਬ ਪੰਜ ਕਰੋੜ ਗ਼ਰੀਬ ਪਰਿਵਾਰਾਂ ਨੂੰ ਛੇ-ਛੇ ਹਜ਼ਾਰ ਰੁਪਏ ਦੀ ਮਾਸਿਕ ਮਦਦ ਕਰੇਗੀ ਪਰ ਉਹ ਚੋਣਾਂ ਹਾਰ ਗਏ ਸਨ। -ਪੀਟੀਆਈ