ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਦਸੰਬਰ
ਦਿੱਲੀ ਦੇ ਟਿਕਰੀ ਬਾਰਡਰ ਨੇੜੇ ਮੁੱਖ ਸੜਕ ’ਤੇ ਲੱਗੇ ਮੋਰਚੇ ਵਿੱਚ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਇਹ ਘੋਲ ਪੰਜਾਬ ਤੋਂ ਬਾਅਦ ਹਰਿਆਣਾ, ਰਾਜਸਥਾਨ ਤੇ ਯੂਪੀ ਸਮੇਤ ਮੁਲਕ ਦੇ ਸਾਰੇ ਕਿਸਾਨਾਂ ਦਾ ਘੋਲ ਬਣ ਚੁੱਕਿਆ ਹੈ ਜਿਸਨੂੰ ਕੌਮਾਂਤਰੀ ਪੱਧਰ ’ਤੇ ਵੀ ਹਮਾਇਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਿਸਾਨ ਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਪਰਤਣਗੇ। ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਨੂੰ ਕੰਧ ‘ਤੇ ਲਿਖੀ ਇਸ ਹਕੀਕਤ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਤੇ ਉੜੀਸਾ ਸਮੇਤ ਮੁਲਕ ਭਰ ‘ਚੋਂ ਕਿਸਾਨਾਂ ਦੇ ਜਥੇ ਰੋਜ਼ਾਨਾ ਆ ਰਹੇ ਹਨ ਤੇ ਦਿੱਲੀ ਦੇ ਵੱਖ-ਵੱਖ ਵਰਗਾਂ ਵੱਲੋਂ ਕਿਸਾਨ ਅੰਦੋਲਨ ਨੂੰ ਜ਼ੋਰਦਾਰ ਹਮਾਇਤ ਮਿਲ ਰਹੀ ਹੈ।
ਇਸ ਮੌਕੇ ਮੁਨੀਸ਼ਾ ਦੀ ਨਿਰਦੇਸ਼ਨਾ ਹੇਠ ਵਿਦਿਆਰਥੀ ਏਕਤਾ ਮੰਚ ਹਰਿਆਣਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤ ਗਾਏ ਗਏ। ਇਸ ਮੌਕੇ ਲੋਕ ਪੱਖੀ ਫ਼ਿਲਮਸਾਜ਼ ਜਤਿੰਦਰ ਮੌਹਰ ਤੇ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਫੋਟੋ ਆਰਟਿਸਟ ਰਣਦੀਪ ਮੱਦੋਕੇ ਮੌਜੂਦ ਸਨ।
ਵੱਖ-ਵੱਖ ਆਗੂਆਂ ਨੇ ਕੀਤਾ ਸੰਬੋਧਨ
ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਅੱਜ ਹੀ ਰਾਜਸਥਾਨ ਦੇ 14 ਪਿੰਡਾਂ ਦੇ ਕਿਸਾਨਾਂ ਦੀ ਭਰਵੀਂ ਮੀਟਿੰਗ ਸੰਗਰੀਆ ’ਚ ਹੋਈ ਹੈ, ਜਿਸ ਦੌਰਾਨ ਉਨ੍ਹਾਂ ਵੱਲੋਂ ਦਿੱਲੀ ਵੱਲ ਜਲਦੀ ਕੂਚ ਕਰਨ ਦਾ ਫ਼ੈਸਲਾ ਲਿਆ ਹੈ। ਇਕੱਠ ਨੂੰ ਪ੍ਰਸ਼ਿਸਠ ਮੰਚ ਹਰਿਆਣਾ ਦੀ ਆਗੂ ਸੁਸ਼ੀਲਾ, ਮੁਕੇਸ਼ ਖ਼ਾਸਾ, ਸੁਰੇਸ਼ ਨੰਦਨ, ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ, ਸੋਪਤ ਰਾਮ ਗੰਗਾਨਗਰ, ਨਿਰਮਲ ਕੁਮਾਰ ਹਰਿਆਣਾ ਦੇ ਆਗੂ ਪਵਨ ਸੈਣੀ ਬਹਾਦਰਗੜ੍ਹ, ਸੁਮੀਤ ਕਾਜਲਾ ਤੇ ਗੁਰਚਰਨ ਸਿਧਾਣੀ, ਪੰਜਾਬ ਦੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਅਮਰੀਕ ਸਿੰਘ ਗੰਢੂਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਅਮਰਜੀਤ ਸਿੰਘ ਸੈਦੋਕੇ, ਦਰਬਾਰਾ ਸਿੰਘ ਛਾਜਲਾ ਨੇ ਸੰਬੋਧਨ ਕੀਤਾ।