ਨਵੀਂ ਦਿੱਲੀ, 19 ਜੂਨ
ਸੈਨਾ ਵਿਚ ਭਰਤੀ ਸਬੰਧੀ ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਹੱਲਾ ਬੋਲਿਆ ਤੇ ਕਿਹਾ ਕਿ ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਉਨ੍ਹਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ਉਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ। ਰਾਹੁਲ ਨੇ ਨਾਲ ਹੀ ਕਿਹਾ ਕਿ ਅੱਠ ਸਾਲ ਵਿਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ ਨੌਜਵਾਨਾਂ ਨੂੰ ਕੇਵਲ ‘ਪਕੌੜੇ ਤਲਣ’ ਦਾ ਗਿਆਨ ਮਿਲਿਆ ਹੈ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਕਾਂਗਰਸ ਦੇ ਸੰਸਦ ਮੈਂਬਰ ਤੇ ਚੋਟੀ ਦੇ ਆਗੂ ਅਗਨੀਪਥ ਯੋਜਨਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਜੰਤਰ-ਮੰਤਰ ’ਤੇ ‘ਸਤਿਆਗ੍ਰਹਿ’ ਉਤੇ ਬੈਠੇ ਹਨ। ਰਾਹੁਲ ਨੇ ਟਵੀਟ ਕਰਦਿਆਂ ਕਿਹਾ, ‘ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਅਗਨੀਪਥ ਉਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।’ -ਪੀਟੀਆਈ