ਨਵੀਂ ਦਿੱਲ, 26 ਅਕਤੂਬਰ
ਸਾਲ 2002 ਵਿੱਚ ਗੁਜਰਾਤ ਦੰਗਿਆਂ ਦੀ ਜਾਂਚ ਕਰਨ ਵਾਲੀ ਐੱਸਆਈਟੀ ਦੇ ਪ੍ਰਮੁੱਖ ਆਰ ਕੇ ਰਾਘਵਨ ਨੇ ਇੱਕ ਨਵੀਂ ਕਿਤਾਬ ਵਿੱਚ ਦਾਅਵਾ ਕੀਤਾ ਕਿ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੌਂ ਘੰਟੇ ਚੱਲੀ ਪੁੱਛਗਿੱਛ ਦੌਰਾਨ ਲਗਾਤਾਰ ਸ਼ਾਂਤਚਿੱਤ ਰਹੇ ਅਤੇ ਪੁੱਛੇ ਗਏ ਲਗਪਗ 100 ਸਵਾਲਾਂ ਵਿੱਚੋਂ ਹਰੇਕ ਦਾ ਜਵਾਬ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਜਾਂਚ ਕਰਤਾਵਾਂ ਦੀ ਇੱਕ ਕੱਪ ਚਾਹ ਤੱਕ ਨਹੀਂ ਪੀਤੀ ਸੀ। ਰਾਘਵਨ ਨੇ ਆਪਣੀ ਸਵੈ-ਜੀਵਨੀ ‘ਏ ਰੋਡ ਵੈੱਲ ਟਰੈਵਲਡ’ ਵਿੱਚ ਲਿਖਿਆ ਹੈ ਕਿ ਮੋਦੀ ਪੁੱਛਗਿੱਛ ਲਈ ਗਾਂਧੀਨਗਰ ਵਿੱਚ ਐੱਸਆਈਟੀ ਦਫ਼ਤਰ ਆਉਣ ਲਈ ਸੌਖਿਆਂ ਤਿਆਰ ਹੋ ਗਏ ਸਨ ਅਤੇ ਉਹ ਪਾਣੀ ਦੀ ਬੋਤਲ ਖ਼ੁਦ ਲੈ ਕੇ ਆਏ ਸਨ। ਗੁਜਰਾਤ ਦੰਗਿਆਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਗਈ ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਦਾ ਪ੍ਰਮੁੱਖ ਬਣਨ ਤੋਂ ਪਹਿਲਾਂ ਰਾਘਵਨ ਸੀਬੀਆਈ ਦੇ ਮੁਖੀ ਵੀ ਰਹਿ ਚੁੱਕੇ ਸਨ। ਉਹ ਬੋਫੋਰਸ ਘੁਟਾਲਾ, ਸਾਲ 2000 ਦੇ ਦੱਖਣੀ ਅਫਰੀਕਾ ਕ੍ਰਿਕਟ ਮੈਚ ਫਿਕਸਿੰਗ ਮਾਮਲਾ ਅਤੇ ਚਾਰਾ ਘੁਟਾਲਿਆਂ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਨਾਲ ਵੀ ਜੁੜੇ ਰਹੇ ਸਨ। -ਪੀਟੀਆਈ