ਗੋਰਖਪੁਰ, 22 ਨਵੰਬਰ
ਭਾਜਪਾ ਮੁਖੀ ਜੇ ਪੀ ਨੱਢਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਹੋਰ ਕਿਸੇ ਕਿਸਾਨ ਆਗੂ ਨਾਲੋਂ ਜ਼ਿਆਦਾ ਕੰਮ ਕੀਤਾ ਹੇ। ਉਨ੍ਹਾਂ ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਲੋਕਤੰਤਰ ’ਤੇ ਨਹੀਂ ਸਗੋਂ ਪਰਿਵਾਰਵਾਦ ’ਤੇ ਯਕੀਨ ਕਰਦੇ ਹਨ। ਗੋਰਖਪੁਰ ’ਚ ਬੂਥ ਪ੍ਰਧਾਨਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਸੇ ਪਾਰਟੀ ਦਾ ਨਾਮ ਲਏ ਬਿਨਾਂ ਕਿਹਾ,‘‘ਅਸੀਂ ਸੱਭਿਆਚਾਰਕ ਰਾਸ਼ਟਰਵਾਦ ’ਤੇ ਚਲਦੇ ਹਾਂ ਜਦਕਿ ਉਹ (ਵਿਰੋਧੀ) ਵੰਸ਼ਵਾਦ ਫੈਲਾਉਂਦੇ ਹਨ। ਸਾਡੇ ਲਈ ਰਾਸ਼ਟਰਵਾਦ ਅਹਿਮ ਹੈ ਅਤੇ ਉਨ੍ਹਾਂ ਲਈ ਵੰਸ਼ਵਾਦ ਸਾਰਾ ਕੁਝ ਹੈ।’’
ਭਾਜਪਾ ਪ੍ਰਧਾਨ ਨੇ ਕਿਹਾ ਕਿ ਕਈ ਲੋਕ ਕਿਸਾਨਾਂ ਦੇ ਆਗੂ ਬਣ ਗਏ ਹਨ ਪਰ ਜੇਕਰ ਕਿਸੇ ਨੇ ਕਿਸਾਨਾਂ ਲਈ ਕੁਝ ਕੀਤਾ ਹੈ ਤਾਂ ਉਹ ਮੋਦੀ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਉਨ੍ਹਾਂ ਕਿਹਾ,‘‘ਭਾਜਪਾ ਸਬਕਾ ਸਾਥ, ਸਬਕਾ ਵਿਕਾਸ ਨੂੰ ਤਰਜੀਹ ਦਿੰਦੀ ਹੈ ਜਦਕਿ ਉਹ ਆਪਣੇ ਭਰਾ ਅਤੇ ਚਾਚੇ ਬਾਰੇ ਸੋਚਦੇ ਹਨ। ਹੁਣ ਉਸ ਨੇ ਆਪਣੇ ਚਾਚੇ ਬਾਰੇ ਵੀ ਸੋਚਣਾ ਬੰਦ ਕਰ ਦਿੱਤਾ ਹੈ।’’ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਹ ਉਹੋ ਸੂਬਾ ਹੈ ਜਿਥੇ ਮਾਫ਼ੀਆ ਅਤੇ ਦੰਗਾਕਾਰੀਆਂ ਦਾ ਰਾਜ ਸੀ ਪਰ ਹੁਣ ਗੁੰਡੇ ਬਦਮਾਸ਼ੀ ਕਰਨਾ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ‘ਜਿਨਾਹਵਾਦੀ’ ਆਗੂ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੇ ਹਨ। -ਪੀਟੀਆਈ