ਕੋਲਕਾਤਾ, 10 ਅਪਰੈਲ
ਪੱਛਮੀ ਬੰਗਾਲ ’ਚ ਚੌਥੇ ਗੇੜ ਦੀਆਂ ਵੋਟਾਂ ਦਰਮਿਆਨ ਅੱਜ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਡੀਓ ਕਲਿੱਪ ਜਾਰੀ ਕੀਤੀ ਜਿਸ ’ਚ ਕਿਸ਼ੋਰ ਇਹ ਆਖਦਾ ਸੁਣਾਈ ਦੇ ਰਿਹਾ ਹੈ ਕਿ ਸੂਬੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁੱਖ ਮੰਤਰੀ ਮਮਤਾ ਬੈਨਰਜੀ ਜਿੰਨੇ ਮਸ਼ਹੂਰ ਹਨ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਕਿਸ਼ੋਰ ਦੀ ਗੱਲਬਾਤ ਦੇ ਕੁਝ ਅੰਸ਼ ਸਾਂਝੇ ਕਰਦਿਆਂ ਦਾਅਵਾ ਕੀਤਾ ਕਿ ‘ਤ੍ਰਿਣਮੂਲ ਕਾਂਗਰਸ ਚੋਣਾਂ ਹਾਰ ਗਈ ਹੈ।’ ਉਧਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੀ ਕਲਿੱਪ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਭਾਜਪਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਕਲੱਬਹਾਊਸ’ ’ਤੇ ਪੂਰਾ ਚੈਟ ਜਾਰੀ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮੌਜੂਦਾ ਵਿਧਾਨ ਸਭਾ ਚੋਣਾਂ ’ਚ ਭਗਵਾਂ ਪਾਰਟੀ ਨੂੰ 100 ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ। ਉਂਜ ਖ਼ਬਰ ਏਜੰਸੀ ਇਸ ਕਥਿਤ ਆਡੀਓ ਕਲਿੱਪ ਦੀ ਤਸਦੀਕ ਨਹੀਂ ਕਰ ਸਕੀ ਹੈ।
ਆਡੀਓ ਕਲਿੱਪ ਜਾਰੀ ਕਰਨ ਤੋਂ ਬਾਅਦ ਮਾਲਵੀਆ ਨੇ ਟਵੀਟ ਕੀਤਾ,‘‘ਮੋਦੀ ਬੰਗਾਲ ’ਚ ਬਹੁਤ ਮਕਬੂਲ ਹਨ ਅਤੇ ਇਸ ’ਚ ਕੋਈ ਸ਼ੱਕ ਨਹੀਂ ਹੈ। ਦੇਸ਼ ਭਰ ’ਚ ਉਨ੍ਹਾਂ ਦੇ ਪ੍ਰਸ਼ੰਸਕ ਹਨ। ਤ੍ਰਿਣਮੂਲ ਕਾਂਗਰਸ ਸਰਕਾਰ ਖ਼ਿਲਾਫ਼ ਲਹਿਰ ਹੈ। ਧਰੁਵੀਕਰਨ ਹਕੀਕਤ ਹੈ, ਅਨੁਸੂਚਿਤ ਜਾਤਾਂ ਦਾ ਵੋਟ ਭਾਜਪਾ ਦੇ ਪੱਖ ’ਚ ਹੈ। ਅਜਿਹਾ ਮਮਤਾ ਬੈਨਰਜੀ ਦੇ ਰਣਨੀਤੀਕਾਰ ਨੇ ਆਪਣੀ ਖੁੱਲ੍ਹੀ ਗੱਲਬਾਤ ’ਚ ਕਿਹਾ ਹੈ।’’ ਉਨ੍ਹਾਂ ਲਿਖਿਆ ਹੈ ਕਿ ਕਲੱਬਹਾਊਸ ’ਤੇ ਜਨਤਕ ਗੱਲਬਾਤ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਮੰਨਿਆ ਕਿ ਤ੍ਰਿਣਮੂਲ ਦੇ ਅੰਦਰੂਨੀ ਸਰਵੇਖਣ ਮੁਤਾਬਕ ਭਾਜਪਾ ਬੰਗਾਲ ’ਚ ਚੋਣਾਂ ਜਿੱਤ ਰਹੀ ਹੈ।
ਇਸ ਦੌਰਾਨ ਕਿਸ਼ੋਰ ਨੇ ਭਾਜਪਾ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਭਗਵਾਂ ਪਾਰਟੀ ਆਪਣੇ ਆਗੂਆਂ ਦੀ ਥਾਂ ’ਤੇ ਉਸ ਦੀਆਂ ਗੱਲਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ। ‘ਉਨ੍ਹਾਂ ਨੂੰ ਹਿੰਮਤ ਦਿਖਾ ਕੇ ਪੂਰੀ ਚੈਟ ਸਾਂਝੀ ਕਰਨੀ ਚਾਹੀਦੀ ਹੈ। ਸਿਰਫ਼ ਕੁਝ ਅੰਸ਼ਾਂ ਦੀ ਵਰਤੋਂ ਕਰਕੇ ਉਤਸ਼ਾਹ ’ਚ ਨਹੀਂ ਆਉਣਾ ਚਾਹੀਦਾ ਹੈ।’ ਕਿਸ਼ੋਰ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਆਖਿਆ ਹੈ ਅਤੇ ਹੁਣ ਫਿਰ ਉਹ ਦਾਅਵਾ ਕਰਦਾ ਹੈ ਕਿ ਭਾਜਪਾ ਬੰਗਾਲ ’ਚ 100 ਸੀਟਾਂ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ। -ਪੀਟੀਆਈ