ਨਵੀਂ ਦਿੱਲੀ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਭਾਰਤ ਅਤੇ ਯੂਰੋਪੀਅਨ ਯੂਨੀਅਨ (ਈਯੂ) ਦੇ ਆਗੂਆਂ ਵਿਚਕਾਰ ਹੋਈ ਮੁਲਾਕਾਤ ਦੇ ਹਾਂ-ਪੱਖੀ ਨਤੀਜਿਆਂ ਬਾਰੇ ਅੱਜ ਫੋਨ ’ਤੇ ਗੱਲਬਾਤ ਕੀਤੀ। ਬਿਆਨ ’ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਵਿਆਪਕ ਮੁਕਤ ਵਪਾਰ ਅਤੇ ਨਿਵੇਸ਼ ਸਮਝੌਤਿਆਂ ਲਈ ਵਾਰਤਾ ਸ਼ੁਰੂ ਹੋਣ ਅਤੇ ਭਾਰਤ ਤੇ ਯੂਰੋਪੀ ਮੁਲਕਾਂ ਵਿਚਕਾਰ ਸੰਪਰਕ ਭਾਈਵਾਲੀ ਦੇ ਕਦਮਾਂ ਦਾ ਸਵਾਗਤ ਕੀਤਾ ਗਿਆ। ਸ੍ਰੀ ਮੋਦੀ ਨੇ ਕੋਵਿਡ ਸੰਕਟ ਦੌਰਾਨ ਫਰਾਂਸ ਵੱਲੋਂ ਭਾਰਤ ਦੀ ਸਹਾਇਤਾ ਕਰਨ ਲਈ ਸ੍ਰੀ ਮੈਕਰੌਂ ਦਾ ਧੰਨਵਾਦ ਕੀਤਾ। ਦੋਵੇਂ ਆਗੂਆਂ ਨੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਚਰਚਾ ਵੀ ਕੀਤੀ। ਸ੍ਰੀ ਮੋਦੀ ਨੇ ਹਾਲਾਤ ਸੁਖਾਵੇਂ ਹੋਣ ’ਤੇ ਮੈਕਰੌਂ ਨੂੰ ਭਾਰਤ ਦੌਰੇ ’ਤੇ ਆਉਣ ਦਾ ਮੁੜ ਸੱਦਾ ਦਿੱਤਾ। ਇਸ ਮਹੀਨੇ ਦੇ ਸ਼ੁਰੂ ’ਚ ਮੋਦੀ ਨੇ 27 ਯੂਰੋਪੀਅਨ ਯੂਨੀਅਨ ਮੈਂਬਰ ਮੁਲਕਾਂ ਦੇ ਮੁਖੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਸੀ। -ਪੀਟੀਆਈ