ਨਵੀਂ ਦਿੱਲੀ, 10 ਮਈ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਪਾਰਟੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਰ੍ਹਦਿਆਂ ਕਿਹਾ ਕਿ ਕਰੋਨਾਵਾਇਰਸ ਨਾਲ ਨਜਿੱਠਣ ਦੇ ਮਾਮਲੇ ਵਿਚ ਹੋਈਆਂ ‘ਗਲਤੀਆਂ ਪ੍ਰਧਾਨ ਮੰਤਰੀ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।’ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਆਪਣੇ ਆਲੇ-ਦੁਆਲੇ ਦੇ ਕਸ਼ਟ ਤੋਂ ਬੇਖ਼ਬਰ ਹੋ ਕੇ ‘ਨਿੱਜੀ ਏਜੰਡੇ’ ਨੂੰ ਤਰਜੀਹ ਦੇਣ ਦੀ ਥਾਂ ਲੋਕ ਸੇਵਾ ਵਿਚ ਜੁਟਣਾ ਚਾਹੀਦਾ ਹੈ। ਫ਼ੈਸਲੇ ਲੈਣ ਦੇ ਮਾਮਲੇ ਵਿਚ ਕਾਂਗਰਸ ਦੀ ਸਭ ਤੋਂ ਵੱਡੀ ਇਕਾਈ ਨੇ ਇਕ ਮਤੇ ਵਿਚ ਕਰੋਨਾਵਾਇਰਸ ਦੇ ਕੇਸਾਂ ਤੇ ਮੌਤਾਂ ਦੇ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਅੰਕੜਿਆਂ ਉਤੇ ਵੀ ਸਵਾਲ ਉਠਾਏ। ਪਾਰਟੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਮੌਤਾਂ ਸਹੀ ਢੰਗ ਨਾਲ ਰਿਪੋਰਟ ਨਹੀਂ ਕਰ ਰਹੀ।
ਕਾਂਗਰਸ ਦੀ ਕਮੇਟੀ ਨੇ ਕਿਹਾ ਕਿ ਹੱਲ ਚੁਣੌਤੀਆਂ ਕਬੂਲਣ ਵਿਚ ਹੈ, ਨਾ ਕਿ ਸਚਾਈ ਲੁਕਾਉਣ ਵਿਚ। ਪਾਰਟੀ ਦੀ ਵਰਕਿੰਗ ਕਮੇਟੀ ਨੇ ਸਰਕਾਰ ਦੀ ਕਰੋਨਾਵਾਇਰਸ ਟੀਕਾਕਰਨ ਨੀਤੀ ਉਤੇ ਵੀ ਸਵਾਲ ਚੁੱਕੇ। ਕਾਂਗਰਸ ਨੇ ਦੋਸ਼ ਲਾਇਆ ਕਿ ਸਪਲਾਈ ਬਹੁਤ ਘੱਟ ਹੈ ਤੇ ਕੀਮਤ ਤੈਅ ਕਰਨ ਦੀ ਨੀਤੀ ਵੀ ਪਾਰਦਰਸ਼ੀ ਤੇ ਨਿਰਪੱਖ ਨਹੀਂ ਹੈ। ਕਾਂਗਰਸ ਆਗੂਆਂ ਕੇ.ਸੀ. ਵੇਨੂਗੋਪਾਲ ਤੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਮੇਟੀ ਦਾ ਇਹ ਮੰਨਣਾ ਹੈ ਕਿ ਇਹ ਸਮਾਂ ਕੌਮੀ ਏਕੇ, ਇਰਾਦੇ ਤੇ ਅਹਿਦ ਦੀ ਭਾਵਨਾ ਪ੍ਰਗਟਾਉਣ ਦਾ ਹੈ। ਵਰਕਿੰਗ ਕਮੇਟੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ ਤੇ ਇਹ ਮੋਦੀ ਸਰਕਾਰ ਦੀ ‘ਉਦਾਸੀਨਤਾ, ਸੰਵੇਦਨਸ਼ੀਲਤਾ ਦੀ ਘਾਟ ਤੇ ਅਯੋਗਤਾ’ ਦਾ ਸਿੱਧਾ ਨਤੀਜਾ ਹੈ।
ਚੋਣਾਂ ’ਚ ਮਿਲੀ ਹਾਰ ਦੀ ਸਮੀਖਿਆ ਲਈ ਕਮੇਟੀ ਬਣਾਏਗੀ ਕਾਂਗਰਸ
ਕਮੇਟੀ ਦੀ ਬੈਠਕ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਨੂੰ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਇਸ ਤੋਂ ਸਬਕ ਸਿੱਖਣ ਅਤੇ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ। ਗਾਂਧੀ ਨੇ ਕਿਹਾ ਕਿ ਚੋਣਾਂ ’ਚ ਅਸਫ਼ਲਤਾ ਅਤੇ ਪੱਛੜਨ ਦੇ ਕਾਰਨਾਂ ’ਤੇ ਗੌਰ ਕਰਨ ਲਈ ਇੱਕ ਛੋਟੇ ਗਰੁੱਪ ਦਾ ਗਠਨ ਕੀਤਾ ਜਾਵੇ। ਵੇਨੂਗੋਪਾਲ ਤੇ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਤਜਵੀਜ਼ ਮੁਤਾਬਕ 48 ਘੰਟਿਆਂ ਵਿਚ ਕਮੇਟੀ ਬਣਾਈ ਜਾਵੇਗੀ ਤੇ ਰਿਪੋਰਟ ਜਲਦੀ ਲਈ ਜਾਵੇਗੀ।
‘ਸੈਂਟਰਲ ਵਿਸਟਾ’ ਪ੍ਰਾਜੈਕਟ ਪੈਸੇ ਦੀ ਬਰਬਾਦੀ ਕਰਾਰ
‘ਸੈਂਟਰਲ ਵਿਸਟਾ’ ਪ੍ਰਾਜੈਕਟ ਦਾ ਹਵਾਲਾ ਦਿੰਦਿਆਂ ਕਾਂਗਰਸ ਵਰਕਿੰਗ ਕਮੇਟੀ ਨੇ ਕਿਹਾ ਕਿ ਇਹ ਸਮਾਂ ਦੇਸ਼ ਦੇ ਸਰੋਤਾਂ ਨੂੰ ਟੀਕਾਕਰਨ, ਜ਼ਰੂਰੀ ਦਵਾਈਆਂ ਲਈ ਵਰਤਣ ਦਾ ਹੈ। ਜਦਕਿ ਪ੍ਰਧਾਨ ਮੰਤਰੀ ਮੋਦੀ ‘ਆਪਣੇ ਹੀ ਘਮੰਡ’ ਵਿਚ ਇਸ ਪ੍ਰਾਜੈਕਟ ਨੂੰ ਜਾਰੀ ਰੱਖ ਕੇ ‘ਪੈਸੇ ਦੀ ਅਪਰਾਧਕ ਦਰਜੇ ’ਤੇ ਬਰਬਾਦੀ ਕਰ ਰਹੇ ਹਨ।’ -ਪੀਟੀਆਈ