ਮੋੜੀਗਾਓਂ, 27 ਮਾਰਚ
ਸੀਪੀਆਈ ਆਗੂ ਕਨ੍ਹੱਈਆ ਕੁਮਾਰ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਅੱਜ ਅਸਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸਭ ਤੋਂ ਵੱਡਾ ਝੂਠਾ’ ਕਰਾਰ ਦਿੱਤਾ। ਉਨ੍ਹਾਂ ਭਾਜਪਾ ਦੇ ਸੂਬੇ ਵਿਚ ਚੋਟੀ ਦੇ ਆਗੂ ਹੇਮੰਤ ਬਿਸਵਾ ਸਰਮਾ ਦੀ ਤੁਲਨਾ ਮਹਾਭਾਰਤ ਦੇ ਰਾਜਾ ਕੰਸ ਦੇ ਨਾਲ ਕੀਤੀ। ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਨੇ ਮੋਦੀ ਵੱਲੋਂ ਬੰਗਲਾਦੇਸ਼ ਵਿਚ ਦਿੱਤੇ ਬਿਆਨਾਂ ਨੂੰ ਵੱਡਾ ਝੂਠ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਬੰਗਲਾਦੇਸ਼ ਦੀ ਆਜ਼ਾਦੀ ਲਈ ਚੱਲੇ ਸੰਘਰਸ਼ ਵਿਚ ਹਿੱਸਾ ਲਿਆ ਸੀ। ਅਸਾਮ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਉਹ ਉਨ੍ਹਾਂ ਦਾ ਸਾਥ ਨਾ ਦੇਣ ਜੋ ਰਾਸ਼ਟਰਵਾਦ ਦੇ ਨਾਂ ਉਤੇ ਦੇਸ਼ ਦੇ ਸਰੋਤਾਂ ਨੂੰ ਵੇਚ ਰਹੇ ਹਨ। ਮੋਦੀ ਉਤੇ ਸਿੱਧਾ ਹੱਲਾ ਬੋਲਦਿਆਂ ਖੱਬੇ ਪੱਖੀ ਆਗੂ ਨੇ ਸਵਾਲ ਕੀਤਾ ਕਿ ਉਨ੍ਹਾਂ ਸਾਲਾਨਾ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ। ਕਾਲੇ ਧਨ ਨੂੰ ਵਾਪਸ ਲਿਆਉਣ ਦਾ ਵੀ ਵਾਅਦਾ ਵੀ ਕੀਤਾ ਸੀ। ਪਰ ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੁਗਾਇਆ ਨਹੀਂ ਗਿਆ। -ਪੀਟੀਆਈ