ਸ੍ਰੀਨਗਰ, 26 ਅਗਸਤ
ਥਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਰੋਕਣ ਲਈ ਨਵੀਂ ਪੀੜ੍ਹੀ ਦੇ ਨਿਗਰਾਨੀ ਉਪਕਰਨਾਂ ਦੀ ਵਰਤੋਂ ਕੀਤੀ ਸੀ। ਥਲ ਸੈਨਾ ਨੇ ਕਿਹਾ ਕਿ ਇਨ੍ਹਾਂ ਉਪਕਰਨਾਂ ਵਿੱਚ ਹਵਾਈ ਤੇ ਜ਼ਮੀਨੀ ਸੈਂਸਰ ਤੇ ਹਥਿਆਰ ਸ਼ਾਮਲ ਸਨ ਤੇ ਇਸ ਦੌਰਾਨ ਘੁਸਪੈਠ ਦਾ ਯਤਨ ਕਰਦੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ।
ਇਥੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਲ ਸੈਨਾ ਦੀ 19 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਅਜੈ ਚਾਂਦਪੁਰੀ ਨੇ ਕਿਹਾ ਕਿ ਇਹ ਪੂਰਾ ਅਪਰੇਸ਼ਨ ਮਿਲਟਰੀ ਇੰਟੈਲੀਜੈਂਸ, ਜੰਮੂ ਕਸ਼ਮੀਰ ਪੁਲੀਸ ਤੇ ਥਲ ਸੈਨਾ ਦੇ ਆਪਣੇ ਜ਼ਮੀਨੀ ਸਰੋਤਾਂ ਸਣੇ ਵੱਖ ਵੱਖ ਸਰੋਤਾਂ ਤੋਂ ਇਕੱਤਰ ਭਰੋਸੇਯੋਗ ਜਾਣਕਾਰੀ ’ਤੇ ਆਧਾਰਿਤ ਸੀ। -ਪੀਟੀਆਈ