ਕੈਂਬਰਿਜ, 16 ਨਵੰਬਰ
ਕਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਇਸ ਮਹੀਨੇ ਦੂਜੀ ਵਾਰ ਚੰਗੀ ਖ਼ਬਰ ਮਿਲੀ ਹੈ, ਜਿਸ ’ਚ ਮੌਡਰਨਾ ਕੰਪਨੀ ਨੇ ਅੱਜ ਕਿਹਾ ਕਿ ਉਸ ਦੀ ਵੈਕਸੀਨ ਮਜ਼ਬੂਤ ਸੁਰੱਖਿਆ ਉਪਲਬਧ ਕਰਵਾਉਂਦੀ ਹੈ ਅਤੇ ਇਹ ਵਾਇਰਸ ਖ਼ਿਲਾਫ਼ 94.5 ਫ਼ੀਸਦੀ ਅਸਰਦਾਰ ਜਾਪਦੀ ਹੈ। ਮੌਡਰਨਾ ਨੇ ਕਿਹਾ ਕਿ ਕੰਪਨੀ ਵੱਲੋਂ ਜਾਰੀ ਅਧਿਐਨ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਉਸਦੀ ਕਰੋਨਾਵਾਇਰਸ ਖ਼ਿਲਾਫ਼ ਤਿਆਰ ਕੀਤੀ ਵੈਕਸੀਨ 94.5 ਫ਼ੀਸਦੀ ਪ੍ਰਭਾਵੀ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ ਮੌਡਰਨਾ ਦੀ ਮੁਕਾਬਲੇਬਾਜ਼ ਕੰਪਨੀ ਫਾਈਜ਼ਰ ਇੰਕ ਨੇ ਵੀ ਆਪਣੀ ਵੈਕਸੀਨ ਦੇ ਇਸੇ ਤਰ੍ਹਾਂ ਅਸਰਦਾਰ ਹੋਣ ਦਾ ਐਲਾਨ ਕੀਤਾ ਸੀ। ਮੌਡਰਨਾ ਦੇ ਮੁਖੀ ਡਾਕਟਰ ਸਟੀਫਨ ਹੋਜ ਨੇ ਕਿਹਾ ਕਿ ਦੋ ਵੱਖੋ-ਵੱਖਰੀਆਂ ਕੰਪਨੀਆਂ ਦੇ ਇੱਕਸਮਾਨ ਨਤੀਜੇ ਕਾਫ਼ੀ ਸੰਤੁਸ਼ਟੀਦਾਇਕ ਹਨ। ਜੇਕਰ ਅਮਰੀਕਾ ਦਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮੌਡਰਨਾ ਜਾਂ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਦਰਾਮਦ ਵਰਤੋਂ ਲਈ ਇਜਾਜ਼ਤ ਦੇ ਦਿੰਦਾ ਹੈ ਤਾਂ ਇਸ ਸਾਲ ਦੇ ਅਖੀਰ ਤੱਕ ਇਸ ਦੀ ਸੀਮਤ ਸਪਲਾਈ ਸੰਭਵ ਹੋ ਸਕੇਗੀ। -ਏਪੀ
ਨਵੇਂ ਮਰੀਜ਼ਾਂ ਨਾਲੋਂ ਰੋਜ਼ਾਨਾ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ
ਨਵੀਂ ਦਿੱਲੀ: ਭਾਰਤ ’ਚ ਲਗਾਤਾਰ 44ਵੇਂ ਦਿਨ ਕਰੋਨਾ ਲਾਗ ਦੇ ਰੋਜ਼ਾਨਾ ਨਵੇਂ ਕੇਸਾਂ ਦੀ ਬਜਾਇ ਠੀਕ ਹੋੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ 43,851 ਮਰੀਜ਼ ਸਿਹਤਯਾਬ ਹੋਏ ਹਨ ਜਦਕਿ ਇਸ ਦੇ ਮੁਕਾਬਲੇ 30,548 ਨਵੇਂ ਕੇਸ ਸਾਹਮਣੇ ਆਏ। ਇਹ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਤੋਂ 13,303 ਘੱਟ ਹੈ। ਦੇਸ਼ ’ਚ ਹੁਣ ਤਕ 4,65,478 ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ 5.26 ਫ਼ੀਸਦੀ ਹਿੱਸਾ ਹਨ। ਹੁਣ ਤੱਕ 82,49,579 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਮੁਤਾਬਕ ਯੂਰੋਪ ਅਤੇ ਅਮਰੀਕੀ ਦੇਸ਼ਾਂ, ਜਿੱਥੇ ਕਰੋਨਾ ਲਾਗ ਦੇ ਕੇਸ ਲਗਾਤਾਰ ਵਧ ਰਹੇ ਹਨ, ਦੇ ਮੁਕਾਬਲੇ ਦੇਸ਼ ’ਚ ਰੋਜ਼ਾਨਾ ਨਵੇਂ ਕੇਸਾਂ ਦੀ ਇਹ ਗਿਣਤੀ (30,548) ਬਹੁਤ ਘੱਟ ਹੈ। ਸਿਹਤ ਮੰਤਰਾਲੇ ਵਮੁਤਾਬਕ ਲੰਘੇ 24 ਘੰਟਿਆਂ ’ਚ 435 ਹੋਰ ਮੌਤਾਂ ਨਾਲ ਕਰੋਨਾ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 1,30,070 ਹੋ ਗਿਆ ਹੈ ਜਦਕਿ 30,548 ਨਵੇਂ ਕੇਸਾਂ ਨਾਲ ਕੇਸਾਂ ਦੀ ਕੁੱਲ ਗਿਣਤੀ 88,45,127 ਹੋ ਗਈ ਹੈ। ਦੂਜੇ ਪਾਸੇ ਹੁਣ ਤੱਕ 82,49,579 ਮਰੀਜ਼ ਠੀਕ ਹੋਣ ਨਾਲ ਸਿਹਤਯਾਬੀ ਦਰ ਵਧ ਕੇ 93.27 ਫ਼ੀਸਦੀ ਹੋ ਗਈ ਹੈ। ਇਸੇ ਦੌਰਾਨ ਹਰਿਆਣਾ ਦੇ ਰਾਜਪਾਲ ਸੱਤਿਆਦਿਓ ਨਰਾਇਣ ਆਰੀਆ ਨੂੰ ਕਰੋਨਾ ਹੋਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ
ਸਰਦ ਰੁੱਤ ਤੇ ਬਜਟ ਲਈ ਸਾਂਝਾ ਇਜਲਾਸ ਸੱਦਣ ਦੀਆਂ ਤਿਆਰੀਆਂ
ਨਵੀਂ ਦਿੱਲੀ: ਸੂਤਰਾਂ ਦੀ ਮੰਨੀਏ ਤਾਂ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸੰਸਦ ਦੇ ਅਗਾਮੀ ਸਰਦ ਰੁੱਤ ਤੇ ਬਜਟ ਇਜਲਾਸਾਂ ਨੂੰ ਵੱਖੋ ਵੱਖਰੇ ਸਮੇਂ ’ਤੇ ਕਰਵਾਉਣ ਦੀ ਥਾਂ ਇਕ ਸਾਂਝਾ ਇਜਲਾਸ ਸੱਦਿਆ ਜਾ ਸਕਦਾ ਹੈ, ਜਿਸ ਦੀ ਮਿਆਦ ਨਿਰਧਾਰਿਤ ਨਾਲੋਂ ਕੁਝ ਲੰਮੀ ਹੋਵੇਗੀ। ਸੂਤਰਾਂ ਮੁਤਾਬਕ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਤੇ ਇਸ ਸਬੰਧੀ ਵਿਚਾਰ ਚਰਚਾ ਸ਼ੁਰੂਆਤੀ ਪੜਾਅ ਵਿੱਚ ਹੈ। ਉਂਜ ਇਹ ਸੁਝਾਅ ਜ਼ਰੂਰ ਆਏ ਹਨ ਕਿ ਦੋ ਵੱਖੋ-ਵੱਖਰੇ ਇਜਲਾਸਾਂ ਦੀ ਥਾਂ ਇਕੋ ਸਾਂਝਾ ਸੈਸ਼ਨ ਸੱਦਿਆ ਜਾਵੇ। -ਪੀਟੀਆਈ
ਪੰਜਾਬ ’ਚ ਕਰੋਨਾ ਨੇ ਲਈਆਂ 23 ਹੋਰ ਜਾਨਾਂ
ਚੰਡੀਗੜ੍ਹ: ਪੰਜਾਬ ’ਚ ਕਰੋਨਾਵਾਇਰਸ ਨੇ ਲੰਘੇ 24 ਘੰਟਿਆਂ ਦੌਰਾਨ 23 ਹੋਰ ਵਿਅਕਤੀਆਂ ਦੀ ਜਾਨ ਲੈ ਲਈ। ਸੂਬੇ ਵਿੱਚ ਹੁਣ ਤੱਕ 4,480 ਵਿਅਕਤੀ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਪਿਛਲੇ ਇੱਕ ਦਿਨ ’ਚ ਕਰੋਨਾ ਲਾਗ ਦੇ 445 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ ਇਸੇ ਸਮੇਂ ਦੌਰਾਨ 570 ਮਰੀਜ਼ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 10,199 ਨਮੂਨੇ ਲਏ ਗਏ ਜੋ ਕਿ ਪਹਿਲਾਂ ਨਾਲੋਂ ਘੱਟ ਹਨ। ਸੂਬੇ ਵਿੱਚ ਇਸ ਸਮੇਂ 5,601 ਵਿਅਕਤੀ ਇਲਾਜ ਅਧੀਨ ਹਨ ਜਿਨ੍ਹਾਂ ਵਿੱਚੋਂ 156 ਨੂੰ ਆਕਸੀਜਨ ਅਤੇ 18 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ’ਚ ਹੋਈਆਂ 23 ਮੌਤਾਂ ਵਿੱਚੋਂ ਲੁਧਿਆਣਾ ਵਿੱਚ 7, ਰੋਪੜ ਵਿੱਚ 4, ਅੰਮ੍ਰਿਤਸਰ ਅਤੇ ਜਲੰਧਰ ਵਿੱਚ 2-2, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਹਾਲੀ, ਨਵਾਂਸ਼ਹਿਰ, ਪਠਾਨਕੋਟ ਅਤੇ ਪਟਿਆਲਾ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਕਰੋਨਾ ਪਾਜ਼ੇਟਿਵ
ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਦੱਸਿਆ ਕਿ ਉਹ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ੍ਰੀ ਤਿਵਾੜੀ ਨੇ ਟਵੀਟ ਕੀਤਾ, ‘ਹਲਕੇ ਬੁਖ਼ਾਰ ਮਗਰੋਂ ਮੈਂ ਆਪਣਾ ਕਰੋਨਾ ਟੈਸਟ ਕਰਵਾਇਆ। ਬਾਅਦ ਦੁਪਹਿਰ ਇਸ ਦਾ ਨਤੀਜ਼ਾ ਪਾਜ਼ੇਟਿਵ ਆਇਆ।’ -ਪੀਟੀਆਈ