ਨਵੀਂ ਦਿੱਲੀ, 10 ਮਈ
ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਦੀ ਸਰਕਾਰ ਨੂੰ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਮਰਾਨ ਹੁਸੈਨ ਨੂੰ ਕੌਮੀ ਰਾਜਧਾਨੀ ਵਿਚ ਰੀਫਿਲਰਾਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਗਈ ਸੀ, ਜਿਨ੍ਹਾਂ ਨੂੰ ਘਰਾਂ ਵਿਚ ਇਕਾਂਤਵਾਸ ਲੋਕਾਂ, ਹਸਪਤਾਲਾਂ ਤੇ ਐਂਬੂਲੈਂਸਾਂ ਲਈ ਇਹ ਜੀਵਨ ਰੱਖਿਅਕ ਗੈਸ ਦਿੱਤੀ ਗਈ ਸੀ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਨੇ ਵਿਧਾਇਕ ਨੂੰ ਵੀ ਦਸਤਾਵੇਜ਼ ਦਿਖਾਉਣ ਲਈ ਕਿਹਾ ਕਿ ਉਸ ਨੇ ਇਹ ਆਕਸੀਜਨ ਫ਼ਰੀਦਾਬਾਦ (ਹਰਿਆਣਾ) ਤੋਂ ਖ਼ਰੀਦੀ ਹੈ। ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਹ ਗੈਸ ਫ਼ਰੀਦਾਬਾਦ ਤੋਂ ਖ਼ਰੀਦੀ ਹੈ ਤੇ ਇਹ ਦਿੱਲੀ ਲਈ ਜਾਰੀ ਕੀਤੀ ਗਈ ਗੈਸ ਦਾ ਹਿੱਸਾ ਨਹੀਂ ਹੈ। ਹੁਸੈਨ ਦੇ ਵਕੀਲ ਵਿਕਾਸ ਪਾਹਵਾ ਨੇ ਅਦਾਲਤ ਨੂੰ ਕਿਹਾ ਸੀ ਕਿ ਵਿਧਾਇਕ ਨੇ ਗੈਸ ਦਿੱਲੀ ਦੇ ਬਾਹਰ ਤੋਂ ਖ਼ਰੀਦੀ ਹੈ ਜਦਕਿ ਸਿਲੰਡਰ ਕੌਮੀ ਰਾਜਧਾਨੀ ਵਿਚੋਂ ਹੀ ਕਿਰਾਏ ’ਤੇ ਲਏ ਹਨ ਅਤੇ ਇਹ ਸਾਬਿਤ ਕਰਨ ਲਈ ਉਨ੍ਹਾਂ ਕੋਲ ਸਬੂਤ ਵੀ ਹਨ। ਉਪਰੰਤ ਅਦਾਲਤ ਨੇ ਉਕਤ ਨਿਰਦੇਸ਼ ਦਿੱਤਾ। ਹਾਲਾਂਕਿ, ਰਸੀਦ ਰਿਕਾਰਡ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਵਿਧਾਇਕ ਨੂੰ ਉਸ ਦੇ ਦਾਅਵਿਆਂ ਦੇ ਪੱਖ ਵਿਚ ਦਸਤਾਵੇਜ਼ ਪੇਸ਼ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕੇਸ ਨੂੰ ਸੁਣਵਾਈ ਲਈ 13 ਮਈ ਨੂੰ ਸੂਚੀਬੱਧ ਕਰ ਦਿੱਤਾ। -ਪੀਟੀਆਈ