ਐਜ਼ੋਲ/ਗੁਹਾਟੀ, 31 ਜੁਲਾਈ
ਮਿਜ਼ੋਰਮ ਪੁਲੀਸ ਨੇ ਕੋਲਾਸਬਿ ਜ਼ਿਲ੍ਹੇ ਦੇ ਵੈਰੇਂਗਤੇ ਦੇ ਬਾਹਰੀ ਹਿੱਸੇ ’ਚ ਹੋਈ ਹਿੰਸਾ ਦੇ ਮਾਮਲੇ ’ਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਸੂਬਾਈ ਪੁਲੀਸ ਦੇ ਚਾਰ ਸੀਨੀਅਰ ਅਧਿਕਾਰੀਆਂ ਤੇ ਦੋ ਹੋਰ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਹਨ। ਉੱਧਰ ਅਸਾਮ ਦੇ ਮੁੱਖ ਮੰਤਰੀ ਨੇ ਦਰਜ ਕੇਸਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਘਟਨਾ ਅਸਾਮ ਦੇ ‘ਸੰਵਿਧਾਨਕ ਖੇਤਰ’ ’ਚ ਹੋਈ ਤਾਂ ਮਿਜ਼ੋਰਮ ’ਚ ਐੱਫਆਈਆਰ ਕਿਵੇਂ ਦਰਜ ਕੀਤੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਜਾਂਚ ’ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ। ਸਰਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਕਿਸੇ ਆਜ਼ਾਦ ਏਜੰਸੀ ਹਵਾਲੇ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਮਿਜ਼ੋਰਮ ਦੇ ਆਪਣੇ ਹਮਰੁਤਬਾ ਜ਼ੋਰਾਮਥਾਂਗਾ ਨਾਲ ਇਸ ਮੁੱਦੇ ’ਤੇ ਗੱਲ ਕਰ ਚੁੱਕੇ ਹਨ। ਦਰਜ ਕੀਤੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਆਈਜੀ ਪੁਲੀਸ (ਹੈਡਕੁਆਟਰ) ਜੌਹਨ ਐੱਨ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਤੇ ਅਪਰਾਧਿਕ ਸਾਜ਼ਿਸ਼ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸਾਮ ਪੁਲੀਸ ਦੇ 200 ਅਣਪਛਾਤੇ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਹਨ।
ਉੱਧਰ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ ਨੇ ਕਿਹਾ ਪੂਰਬ-ਉੱਤਰ ਭਾਰਤ ਹਮੇਸ਼ਾ ਇੱਕ ਰਹੇਗਾ। ਜ਼ੋਰਾਮਥਾਂਗਾ ਨੇ ਆਪਣੀ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਟਵਿੱਟਰ ’ਤੇ ਸਾਂਝਾ ਕਰਦਿਆਂ ਕਿਹਾ ਕਿ ਅਸਾਮ ਦੇ ਕਛਾਰ ਜ਼ਿਲ੍ਹੇ ਨਾਲ ਲੱਗਦੇ ਮਿਜ਼ੋਰਮ ਦੇ ਕੋਲਾਸਬਿ ਜ਼ਿਲ੍ਹੇ ’ਚ ਰਾਜ ਤੋਂ ਬਾਹਰਲੇ ਲੋਕਾਂ ’ਤੇ ਆਵਾਜਾਈ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਟਵੀਟ ਕੀਤਾ, ‘ਪੂਰਬ-ਉੱਤਰ ਭਾਰਤ ਹਮੇਸ਼ਾ ਇੱਕ ਰਹੇਗਾ।’ -ਪੀਟੀਆਈ
ਅਸਾਮ ਤੇ ਮਿਜ਼ੋਰਮ ਸਰਕਾਰ ਨਾਲ ਲਗਾਤਾਰ ਗੱਲ ਕਰ ਰਹੇ ਹਾਂ: ਗ੍ਰਹਿ ਮੰਤਰਾਲਾ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਸਾਮ ਤੇ ਮਿਜ਼ੋਰਮ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਕਰਕੇ ਦੋਵਾਂ ਸੂਬਿਆਂ ਵਿਚਾਲੇ ਬਣੇ ਸਰਹੱਦੀ ਵਿਵਾਦ ਦੇ ਹੱਲ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਸੂਬਿਆਂ ਵਿਚਾਲੇ ਹਾਲਾਤ ਤਣਾਅ ਭਰੇ ਪਰ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਵਿਚਾਲੇ ਕੋਈ ਵੀ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਸੀਆਰਪੀਐੱਫ ਦੇ ਜਵਾਨ ਕੌਮੀ ਮਾਰਗ 306 ’ਤੇ ਲਗਾਤਾਰ ਗਸ਼ਤ ਕਰ ਰਹੇ ਹਨ। ਉਨ੍ਹਾਂ ਹਾਲਾਂਕਿ ਇਸ ਮਾਮਲੇ ’ਚ ਦਰਜ ਐੱਫਆਰਆਰ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਆਈਏਐੱਨਐੱਸ
ਅਸਾਮ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਸ਼ਾਂਤੀ ਬਣਾਈ ਰੱਖਣ ਲਈ ਰਾਜ਼ੀ
ਗੁਹਾਟੀ: ਉੱਤਰ ਪੂਰਬੀ ਸੂਬਿਆਂ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦਾਂ ਦਰਮਿਆਨ ਅੱਜ ਅਸਾਮ ਨੇ ਨਾਗਾਲੈਂਡ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਦੋਵਾਂ ਤਣਾਅ ਵਾਲੀਆਂ ਥਾਵਾਂ ਤੋਂ 24 ਘੰਟਿਆਂ ਅੰਦਰ ਦੋਵੇਂ ਸੂਬੇ ਸੁਰੱਖਿਆ ਦਸਤੇ ਵਾਪਸ ਸੱਦਣਗੇ। ਸਮਝੌਤੇ ’ਤੇ ਨਾਗਾਲੈਂਡ ਤੇ ਅਸਾਮ ਦੇ ਮੁੱਖ ਸਕੱਤਰਾਂ ਵਿਚਾਲੇ ਹੋਈ ਮੀਟਿੰਗ ਮਗਰੋਂ ਦਸਤਖਤ ਕੀਤੇ ਗਏ। ਦੋਵਾਂ ਧਿਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਦੋਵਾਂ ਸੂਬਿਆਂ ਵਿਚਾਲੇ ਸ਼ਾਂਤੀ ਬਣਾਈ ਰੱਖਣ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣ ਦੀ ਲੋੜ ਹੈ। ਇਸੇ ਦਰਮਿਆਨ ਅਸਾਮ ਤੇ ਅਰੁਣਾਚਲ ਪ੍ਰਦੇਸ਼ ਨੇ ਦੋਵਾਂ ਸੂਬਿਆਂ ਵਿਚਾਲੇ ਸ਼ਾਂਤਮਈ ਸਬੰਧ ਯਕੀਨੀ ਬਣਾਉਣ ਲਈ ਸਰਹੱਦ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਨਾਲ ਨਾਲ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ ਲਈ ਅੰਤਰ-ਰਾਜੀ ਸਰਹੱਦ ’ਤੇ ਸਾਂਝੀ ਗਸ਼ਤ ਚਲਾਉਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ