ਨਵੀਂ ਦਿੱਲੀ, 26 ਅਗਸਤ
ਰੱਖਿਆ ਮੰਤਰਾਲ ਨੇ ਫੌਜੀ ਉਪਕਰਨ ਅਤੇ ਹਥਿਆਰਾਂ ਦੀ ਦਰਾਮਦ ’ਤੇ ਰੋਕ ਲਗਾਏ ਜਾਣ ਨਾਲ ਜੁੜੀ ਦੂਜੀ ਸੂਚੀ ਦਸੰਬਰ ਤਕ ਲਿਆਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਦਾ ਉਦੇਸ਼ ਘਰੇਲੂ ਰੱਖਿਆ ਉਤਪਾਦਨ ਨੂੰ ਉਤਸ਼ਾਹਤ ਕਰਨਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਹਥਿਆਰਾਂ ਦੀ ਦਰਾਮਦ ’ਤੇ ਰੋਕ ਨਾਲ ਸਬੰਧਤ ਦੂਜੀ ਸੂਚੀ ’ਤੇ ਰੱਖਿਆ ਖੇਤਰ ਦੇ ਜਨਤਕ ਉਦਮਾਂ, ਨਿਜੀ ਉਦਯੋਗਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਤੇ ਫੌਜ ਦੇ ਤਿੰਨ ਅੰਗਾਂ ਦੇ ਅਹਿਮ ਹਿੱਸੇਦਾਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 9 ਅਗਸਤ ਨੂੰ ਘਰੇਲੂ ਰੱਖਿਆ ਉਦਯੋਗ ਨੂੰ ਹੁਲਾਰਾ ਦੇਣ ਲਈ ਅਹਿਮ ਪਹਿਲ ਕਰਦਿਆਂ 101 ਹਥਿਆਰਾਂ ਅਤੇ ਫੌਜੀ ਉਪਕਰਨਾਂ ਦੀ ਦਰਾਮਦ ’ਤੇ 2024 ਤਕ ਲਈ ਰੋਕ ਲਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਉਪਕਰਨਾਂ ਵਿੱਚ ਹਲਕੇ ਲੜਾਕੂ ਹੈਲੀਕਾਪਟਰ, ਮਾਲਵਾਹਕ ਜਹਾਜ਼, ਸ਼ੁਰੂਆਤੀ ਪਣਡੁੱਬੀਆਂ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਇਸ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਇਨ੍ਹਾਂ ਉਪਕਰਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।– ਏਜੰਸੀ