ਨਵੀਂ ਦਿੱਲੀ, 20 ਅਗਸਤ
ਸਿਵਲ ਹਵਾਬਾਜ਼ੀ ਮੰਤਰਾਲੇ ਨੇ ਪਹਿਲੀ ਸਤੰਬਰ ਤੋਂ ਘਰੇਲੂ ਤੇ ਕੌਮਾਂਤਰੀ ਮੁਸਾਫ਼ਰਾਂ ਤੋਂ ਵਧੇਰੇ ਹਵਾਬਾਜ਼ੀ ਸੁਰੱਖਿਆ ਫੀਸ (ਏਐੱਸਐੱਫ) ਵਸੂਲ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਮੁਸਾਫ਼ਰਾਂ ਲਈ ਸਫ਼ਰ ਥੋੜ੍ਹਾ ਮਹਿੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 1 ਸਤੰਬਰ ਤੋਂ ਘਰੇਲੂ ਸਫ਼ਰ ਲਈ ਮੁਸਾਫ਼ਰਾਂ ਨੂੰ ਹੁਣ 150 ਦੀ ਥਾਂ 160 ਰੁਪਏ ਜਦਕਿ ਕੌਮਾਂਤਰੀ ਮੁਸਾਫ਼ਰਾਂ ਨੂੰ 4.85 ਡਾਲਰ ਦੀ ਥਾਂ 5.2 ਡਾਲਰ ਹਵਾਬਾਜ਼ੀ ਸੁਰੱਖਿਆ ਫੀਸ ਵਜੋਂ ਖਰਚ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਹਵਾਈ ਸੇਵਾਵਾਂ ਮੁਸਾਫ਼ਰਾਂ ਤੋਂ ਏਐੱਸਐੱਫ ਉਸ ਸਮੇਂ ਵਸੂਲ ਕਰਦੀਆਂ ਹਨ ਜਦੋਂ ਉਹ ਟਿਕਟ ਬੁੱਕ ਕਰਦੇ ਹਨ ਅਤੇ ਬਾਅਦ ਵਿੱਚ ਇਹ ਫੀਸ ਸਰਕਾਰ ਨੂੰ ਦੇ ਦਿੱਤੀ ਜਾਂਦੀ ਹੈ। ਇਹ ਫੀਸ ਦੇਸ਼ ਵਿਚਲੇ ਹਵਾਈ ਅੱਡਿਆਂ ’ਤੇ ਵਧੇਰੇ ਸੁਰੱਖਿਆ ਬੰਦੋਬਸਤ ਕਰਨ ਲਈ ਵਸੂਲੀ ਜਾਂਦੀ ਹੈ। ਮੰਤਰਾਲੇ ਨੇ ਪਿਛਲੇ ਸਾਲ 7 ਜੂਨ ਨੂੰ ਘਰੇਲੂ ਮੁਸਾਫ਼ਰਾਂ ਲਈ ਏਐੱਸਐੱਫ 130 ਰੁਪਏ ਤੋਂ ਵਧਾ ਕੇ 150 ਰੁਪਏ ਅਤੇ ਕੌਮਾਂਤਰੀ ਮੁਸਾਫ਼ਰਾਂ ਲਈ 3.25 ਡਾਲਰ ਤੋਂ ਵਧਾ ਕੇ 4.85 ਡਾਲਰ ਕੀਤੀ ਸੀ। -ਪੀਟੀਆਈ