ਨਵੀਂ ਦਿੱਲੀ, 14 ਜੂਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਆਪਣੇ ਵਕੀਲ ਦੇ ਮੌਕੇ ’ਤੇ ਹਾਜ਼ਰ ਨਾ ਹੋਣ ਦਾ ਹਵਾਲਾ ਦਿੱਤੇ ਜਾਣ ਮਗਰੋਂ ਚੋਣ ਕਮਿਸ਼ਨ ਨੇ ਖਣਨ ਲੀਜ਼ ਅਲਾਟਮੈਂਟ ਮਾਮਲੇ ਵਿੱਚ ਜੇਐੱਮਐੱਮ ਆਗੂ ਨੂੰ ਪੇਸ਼ ਹੋਣ ਲਈ ਹੋਰ ਸਮਾਂ ਦਿੱਤਾ ਹੈ। ਇਸ ਮਾਮਲੇ ਦੀ ਨਿੱਜੀ ਸੁਣਵਾਈ ਅੱਜ ਦੁਪਹਿਰ ਤਿੰਨ ਵਜੇ ਤੈਅ ਸੀ, ਜਿਸ ਵਿੱਚ ਸੋਰੇਨ ਇਕੱਲੇ ਜਾਂ ਆਪਣੇ ਵਕੀਲ ਨਾਲ ਹਾਜ਼ਰ ਹੋ ਸਕਦੇ ਸਨ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹੁਣ ਪੇਸ਼ੀ ਲਈ ਅਗਲੀ ਤਰੀਕ 28 ਜੂਨ ਦਿੱਤੀ ਗਈ ਹੈ ਪਰ ਇਹ ਜੇਐੱਮਐੱਮ ਆਗੂ ਲਈ ਪੇਸ਼ੀ ਦਾ ਆਖਰੀ ਮੌਕਾ ਹੋਵੇਗਾ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੂੰ 31 ਮਈ ਨੂੰ ਚੋਣ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਸੀ, ਜਿਸ ਮਗਰੋਂ ਉਨ੍ਹਾਂ ਦੀ ਪੇਸ਼ੀ ਅੱਜ 14 ਜੂਨ ਲਈ ਨਿਰਧਾਰਤ ਕੀਤੀ ਗਈ ਸੀ। -ਪੀਟੀਆਈ