ਪੁਣੇ (ਮਹਾਰਾਸ਼ਟਰ), 18 ਦਸੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਉੱਤਰ ਭਾਰਤ ਅਤੇ ਸੰਸਦ ਦੀ ‘ਮਾਨਸਿਕਤਾ’ ਲੋਕ ਸਭਾ ਜਾਂ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਦੇ ਅਜੇ ਅਨੁਕੂਲ ਨਹੀਂ ਜਾਪਦੀ ਹੈ। ਸਾਬਕਾ ਕੇਂਦਰੀ ਮੰਤਰੀ ਪਵਾਰ ਨੇ ਸ਼ਨਿਚਰਵਾਰ ਨੂੰ ਪੁਣੇ ਡਾਕਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਇਹ ਬਿਆਨ ਦਿੱਤਾ। ਇਸ ਪ੍ਰੋਗਰਾਮ ਵਿੱਚ ਪਵਾਰ ਅਤੇ ਉਨ੍ਹਾਂ ਦੀ ਧੀ ਅਤੇ ਲੋਕ ਸਭਾ ਮੈਂਬਰ ਸੁਪ੍ਰਿਯਾ ਸੁਲੇ ਦਾ ਇੰਟਰਵਿਊ ਲਿਆ ਗਿਆ ਸੀ। ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33 ਫੀਸਦ ਸੀਟਾਂ ਰਾਖਵੀਆਂ ਕਰਨ ਦਾ ਪ੍ਰਬੰਧ ਕਰਨ ਵਾਲੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਸ੍ਰੀ ਪਵਾਰ ਨੇ ਕਿਹਾ ਕਿ ਉਹ ਸੰਸਦ ਵਿੱਚ ਇਸ ਮੁੱਦੇ ਨੂੰ ਉਦੋਂ ਤੋਂ ਉਠਾ ਰਹੇ ਹਨ, ਜਦੋਂ ਉਹ ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸਨ। ਇਕ ਹੋਰ ਸਵਾਲ ਦੇ ਜਵਾਬ ’ਚ ਸਾਬਕਾ ਕੇਂਦਰ ਮੰਤਰੀ ਨੇ ਕਿਹਾ, ‘‘ਸੰਸਦ, ਖ਼ਾਸ ਕਰ ਕੇ ਉੱਤਰ ਭਾਰਤ ਦੀ ਮਾਨਸਿਕਤਾ (ਇਸ ਮਾਮਲੇ ਦੇ) ਅਨੁਕੂਲ ਨਹੀਂ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਕਾਂਗਰਸ ਵਿੱਚ ਲੋਕ ਸਭਾ ਦਾ ਮੈਂਬਰ ਸੀ ਤਾਂ ਵੀ ਮੈਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਦੇ ਮੁੱਦੇ ’ਤੇ ਗੱਲ ਕਰਦਾ ਸੀ। ਇਕ ਵਾਰ ਮੇਰਾ ਭਾਸ਼ਣ ਪੂਰਾ ਹੋਣ ਤੋਂ ਬਾਅਦ ਮੈਂ ਮੁੜਿਆ ਅਤੇ ਮੈਂ ਦੇਖਿਆ ਕਿ ਮੇਰੀ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰ ਉਠੇ ਅਤੇ ਉੱਥੋਂ ਚਲੇ ਗਏ। ਇਸ ਦਾ ਮਤਲਬ ਹੈ ਕਿ ਮੇਰੀ ਪਾਰਟੀ ਦੇ ਲੋਕ ਵੀ ਇਸ ਨੂੰ ਹਜ਼ਮ ਨਹੀਂ ਕਰ ਸਕੇ ਸਨ।’’ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਸ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਉਨ੍ਹਾਂ ਕਿਹਾ, ‘‘ਜਦੋਂ ਮੈਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਸੀ, ਤਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਵਰਗੀਆਂ ਸਥਾਨਕ ਸਰਕਾਰਾਂ ਵਿੱਚ ਮਹਿਲਾਵਾਂ ਲਈ ਰਾਖਵਾਂਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂ ਵਿੱਚ ਇਸ ਦਾ ਵਿਰੋਧ ਹੋਇਆ, ਪਰ ਬਾਅਦ ਵਿੱਚ ਲੋਕਾਂ ਨੇ ਇਸ ਨੂੰ ਸਵੀਕਾਰ ਕਰ ਲਿਆ। -ਪੀਟੀਆਈ