ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੁਲਾਈ
ਮਹਾਨ ਦੌੜਾਕ ਮਿਲਖਾ ਸਿੰਘ ਦੀ ਯਾਦ ਵਿੱਚ ਅੱਜ ਸਵੇਰੇ 6 ਵਜੇ ਤੋਂ ਕਿਸਾਨ ਮਜ਼ਦੂਰ ਮੈਰਾਥਨ ਦੌੜ ਗਾਜ਼ੀਪੁਰ ਕਿਸਾਨ ਮੋਰਚੇ ’ਤੇ ਕਰਵਾਈ ਗਈ। ਮਿਲਖਾ ਸਿੰਘ ਯਾਦਗਾਰੀ ਦੌੜ ਸਟੇਜ ਤੋਂ ਸ਼ੁਰੂ ਹੋ ਕੇ ਅੰਦੋਲਨ ਵਾਲੀ ਜਗ੍ਹਾ ਦੇ ਗੇਟ ਨੰਬਰ ਇਕ ਰਾਹੀਂ ਸਟੇਜ ’ਤੇ ਖ਼ਤਮ ਹੋਈ। ਜੇਤੂਆਂ ਨੂੰ ਕਿਸਾਨ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਦੌੜ ’ਚ ਰਾਕੇਸ਼ ਟਿਕੈਤ ਸਮੇਤ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਮਿਲਖਾ ਸਿੰਘ ਦੀ ਕਰੋਨਾ ਕਰਕੇ ਚੰਡੀਗੜ੍ਹ ਵਿਖੇ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨੂੰ ਵੀ ਕਰੋਨਾ ਕਰਕੇ ਜ਼ਿੰਦਗੀ ਤੋਂ ਹੱਥ ਧੋਣੇ ਪਏ ਸਨ। ਬੁਲਾਰਾ ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਗਾਜ਼ੀਪੁਰ ਅੰਦੋਲਨ ਵਾਲੀ ਜਗ੍ਹਾ ’ਤੇ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਕਿ ਸੋਮਵਾਰ 5 ਜੁਲਾਈ ਨੂੰ ਬਾਲਮੀਕੀ ਭਾਈਚਾਰੇ ਦੇ ਲੋਕ ਗਾਜ਼ੀਪੁਰ ਕਿਸਾਨ ਅੰਦੋਲਨ ਦੇ ਸਟੇਜ ਸੰਚਾਲਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰੀ ਲੈਣਗੇ।