ਨਵੀਂ ਦਿੱਲੀ, 17 ਜੁਲਾਈ
ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐਲਏਸੀ) ਨਾਲ ਲੱਗਦੇ ਟਕਰਾਅ ਵਾਲੇ ਇਲਾਕਿਆਂ ਨਾਲ ਜੁੜੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਅੱਜ 16ਵੇਂ ਗੇੜ ਦੀ ਸੈਨਿਕ ਵਾਰਤਾ ਕੀਤੀ। ਇਹ ਬੈਠਕ ਐਲਏਸੀ ’ਤੇ ਭਾਰਤ ਵਾਲੇ ਪਾਸੇ ਚੁਸ਼ੂਲ ਮੋਲਡੋ ਪੁਆਇੰਟ ਉਤੇ ਹੋਈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਗੱਲਬਾਤ 11 ਮਾਰਚ ਨੂੰ ਹੋਈ ਸੀ। 15ਵੇਂ ਗੇੜ ਦੀ ਗੱਲਬਾਤ 13 ਘੰਟੇ ਚੱਲੀ ਸੀ ਪਰ ਇਸ ਦਾ ਕੋਈ ਠੋਸ ਸਿੱਟਾ ਨਹੀਂ ਨਿਕਲ ਸਕਿਆ ਸੀ। ਭਾਰਤੀ ਵਫ਼ਦ ਦੀ ਅਗਵਾਈ ਅੱਜ ਲੈਫ਼ਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ। ਉਹ ਲੇਹ ਅਧਾਰਿਤ 14ਵੀਂ ਕੋਰ ਦੇ ਕਮਾਂਡਰ ਹਨ। ਜਦਕਿ ਚੀਨ ਦੀ ਟੀਮ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਫ਼ੌਜੀ ਜ਼ਿਲ੍ਹੇ ਦੇ ਮੁਖੀ ਮੇਜਰ ਜਨਰਲ ਯਾਂਗ ਲਿਨ ਨੇ ਕੀਤੀ। ਨਵੇਂ ਗੇੜ ਦੀ ਵਾਰਤਾ ਵਿਚ ਭਾਰਤ ਨੇ ਬਾਕੀ ਰਹਿੰਦੇ ਉਨ੍ਹਾਂ ਸਾਰੇ ਸਥਾਨਾਂ ਤੋਂ ਸੈਨਿਕਾਂ ਦੀ ਜਲਦੀ ਵਾਪਸੀ ਉਤੇ ਜ਼ੋਰ ਦਿੱਤਾ, ਜਿੱਥੇ ਅਜੇ ਵੀ ਟਕਰਾਅ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਨੇ ਦੇਪਸਾਂਗ ਬੁਲਗੇ ਤੇ ਦੇਮਚੋਕ ਦੇ ਮੁੱਦਿਆਂ ਨੂੰ ਹੱਲ ਕਰਨ ਉਤੇ ਵੀ ਜ਼ੋਰ ਦਿੱਤਾ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਸੱਤ ਜੁਲਾਈ ਨੂੰ ਬਾਲੀ ਵਿਚ ਕੀਤੀ ਮੁਲਾਕਾਤ ’ਚ ਪੂਰਬੀ ਲੱਦਾਖ ਬਾਰੇ ਗੱਲਬਾਤ ਕੀਤੀ ਸੀ। ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਮੌਕੇ ਹੋਈ ਇਸ ਮੁਲਾਕਾਤ ਵਿਚ ਜੈਸ਼ੰਕਰ ਨੇ ਵਾਂਗ ਨੂੰ ਪੂਰਬੀ ਲੱਦਾਖ ਦੇ ਸਾਰੇ ਬਕਾਇਆ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਲੋੜ ਬਾਰੇ ਵੀ ਦੱਸਿਆ ਸੀ। ਵਿਦੇਸ਼ ਮੰਤਰੀ ਨੇ ਬਾਕੀ ਇਲਾਕਿਆਂ ਤੋਂ ਸੈਨਿਕਾਂ ਦੀ ਵਾਪਸੀ ਉਤੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਬਹਾਲੀ ਲਈ ਇਹ ਜ਼ਰੂਰੀ ਹੈ। ਦੱਸਣਯੋਗ ਹੈ ਕਿ ਭਾਰਤ ਤੇ ਚੀਨ ਦੇ ਹਥਿਆਰਬੰਦ ਬਲਾਂ ਵਿਚਾਲੇ ਮਈ, 2020 ਤੋਂ ਪੂਰਬੀ ਲੱਦਾਖ ਵਿਚ ਤਣਾਅ ਬਣਿਆ ਹੋਇਆ ਹੈ। ਦੋਵਾਂ ਮੁਲਕਾਂ ਵਿਚਾਲੇ ਹੁਣ ਤੱਕ ਫ਼ੌਜੀ ਤੇ ਕੂਟਨੀਤਕ ਪੱਧਰ ਉਤੇ ਕਈ ਮੁਲਾਕਾਤਾਂ ਹੋ ਚੁੱਕੀਆਂ ਹਨ। -ਪੀਟੀਆਈ