ਅਹਿਮਦਾਬਾਦ, 3 ਜੂਨ
ਗੁਜਰਾਤ ਦੀ ਮਹਿਸਾਣਾ ਸੈਸ਼ਨ ਅਦਾਲਤ ਨੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਅਤੇ ਨੌਂ ਹੋਰਾਂ ਨੂੰ ਪੰਜ ਸਾਲ ਪੁਰਾਣੇ ‘ਆਜ਼ਾਦੀ ਕੂਚ’ ਮਾਮਲੇ ’ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦੀ ਇਜਾਜ਼ਤ ਬਿਨਾਂ ਗੁਜਰਾਤ ਨਾ ਛੱਡਣ ਦੀ ਸ਼ਰਤ ’ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਜੱਜ ਨੇ ਮੇਵਾਨੀ ਅਤੇ ਹੋਰਾਂ ਨੂੰ ਆਪਣੇ ਪਾਸਪੋਰਟ ਅਦਾਲਤ ’ਚ ਸੌਂਪਣ ਲਈ ਕਿਹਾ ਹੈ। ਮਹਿਸਾਣਾ ਦੀ ਮੈਜਿਸਟਰੇਟੀ ਅਦਾਲਤ ਨੇ ਮੇਵਾਨੀ ਅਤੇ ਹੋਰਾਂ ਨੂੰ ਬਿਨਾਂ ਇਜਾਜ਼ਤ ਮਾਰਚ ਕੱਢਣ ’ਤੇ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਉਚੇਰੀ ਅਦਾਲਤ ’ਚ ਅਪੀਲ ਦਾਖ਼ਲ ਕਰਨ ਲਈ ਜ਼ਮਾਨਤ ਦਿੱਤੀ ਗਈ ਸੀ। ਮੈਜਿਸਟਰੇਟ ਦੇ ਹੁਕਮਾਂ ਖ਼ਿਲਾਫ਼ ਪਾਈ ਗਈ ਅਪੀਲ ਨੂੰ ਸਵੀਕਾਰ ਕਰਦਿਆਂ ਮਹਿਸਾਣਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੀ ਐੱਮ ਪਵਾਰ ਨੇ ਜਿਗਨੇਸ਼ ਅਤੇ ਹੋਰਾਂ ਦੀ ਅਪੀਲ ’ਤੇ ਫ਼ੈਸਲੇ ਤੱਕ ਨਿਯਮਤ ਜ਼ਮਾਨਤ ਦੇ ਦਿੱਤੀ ਹੈ। -ਪੀਟੀਆਈ