ਨਵੀਂ ਦਿੱਲੀ, 2 ਮਈ
ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੇ ਤੇਲਗੂ ਫਿਲਮ ‘ਪੁਸ਼ਪਾ-ਦਿ ਰਾਈਜ਼’ ਦੇ ਮਸ਼ਹੂਰ ਡਾਇਲਾਗ ਦੀ ਨਕਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਸ ਨੂੰ ਫੁੱਲ ਸਮਝਣ ਦੀ ਗਲਤੀ ਨਾ ਕਰਨ ਕਿਉਂਕਿ ਉਹ ਅੱਗ ਹੈ। ਮੇਵਾਨੀ ਨੇ ਇਥੇ ਕਿਹਾ,‘‘ਮੋਦੀ ਜੀ ਤੁਸੀਂ ਗੁਜਰਾਤ ਤੋਂ ਹੋ ਅਤੇ ਮੈਂ ਵੀ ਗੁਜਰਾਤੀ ਹਾਂ। ਤੁਹਾਨੂੰ ਇਕ ਸਾਥੀ ਵਜੋਂ ਇਹ ਸਮਝ ਜਾਣਾ ਚਾਹੀਦਾ ਹੈ ਕਿ ਫਲਾਵਰ ਨਹੀਂ, ਫਾਇਰ ਹੈ, ਝੁਕੇਗਾ ਨਹੀਂ। ਮੈਂ ਪ੍ਰਧਾਨ ਮੰਤਰੀ ਨੂੰ ਇਹ ਚੁਣੌਤੀ ਦਿੰਦਾ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦਫ਼ਤਰ ’ਚ ਮੌਜੂਦ ਕੁਝ ਗੋਡਸੇ ਭਗਤਾਂ ਨੇ ਉਸ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਕੇ ਉਸ ਨੂੰ ਸਾਜ਼ਿਸ਼ ਤਹਿਤ ਆਸਾਮ ਪੁਲੀਸ ਤੋਂ ਗ੍ਰਿਫ਼ਤਾਰ ਕਰਵਾਇਆ ਸੀ। ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪਹਿਲੀ ਜੂਨ ਨੂੰ ਗੁਜਰਾਤ ਬੰਦ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਹ ਐਲਾਨ ਕਰਦਿਆਂ ਕਿਹਾ ਕਿ ਗੁਜਰਾਤ ’ਚ 22 ਪ੍ਰੀਖਿਆਵਾਂ ਦੇ ਪੇਪਰ ਲੀਕ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ, ਮੂੰਦੜਾ ਬੰਦਰਗਾਹ ਤੋਂ ਮਿਲੇ ਪੌਣੇ ਦੋ ਲੱਖ ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ’ਚ ਗੌਤਮ ਅਡਾਨੀ ਦੀ ਜਾਂਚ ਕਰਨ, ਊਨਾ ’ਚ ਦਲਿਤਾਂ ਅਤੇ ਸੂਬੇ ’ਚ ਘੱਟ ਗਿਣਤੀਆਂ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਸਮੇਤ ਹੋਰ ਮੁੱਦਿਆਂ ’ਤੇ ਇਹ ਬੰਦ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਵਾਨੀ ਨੇ ਕਿਹਾ,‘‘ਮੇਰੀ ਗ੍ਰਿਫ਼ਤਾਰੀ 56 ਇੰਚ ਕਾਇਰਤਾ ਵਾਲਾ ਕਾਰਾ ਹੈ ਅਤੇ ਇਸ ਨੇ ਗੁਜਰਾਤ ਦੇ ਮਾਣ ਨੂੰ ਢਾਹ ਲਾਈ ਹੈ।’’ ਉਨ੍ਹਾਂ ਦਾ ਸਿੱਧਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕੀਤੇ ਜਾਣ ਵੱਲ ਸੀ। ਵਿਧਾਇਕ ਨੇ ਦਾਅਵਾ ਕੀਤਾ ਕਿ ਅਸਾਮ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੋਚੀ-ਸਮਝੀ ਸਾਜ਼ਿਸ਼ ਸੀ ਅਤੇ ਇਹ ਪ੍ਰੋਟੋਕਾਲ ਅਤੇ ਨੇਮਾਂ ਦੀ ਉਲੰਘਣਾ ਸੀ। ਪ੍ਰਧਾਨ ਮੰਤਰੀ ਖ਼ਿਲਾਫ਼ ਟਵੀਟ ਕੀਤੇ ਜਾਣ ’ਤੇ ਅਸਾਮ ਪੁਲੀਸ ਨੇ ਉਸ ਨੂੰ 19 ਅਪਰੈਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਮਿਲਣ ਮਗਰੋਂ ਦਲਿਤ ਆਗੂ ਨੂੰ ਇਕ ਮਹਿਲਾ ਪੁਲੀਸ ਕਰਮੀ ’ਤੇ ਹਮਲੇ ਦੇ ਦੋਸ਼ ਹੇਠ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਰਪੇਟਾ ਅਦਾਲਤ ਨੇ ਉਸ ਨੂੰ ਇਸ ਕੇਸ ’ਚ ਜ਼ਮਾਨਤ ਦੇ ਦਿੱਤੀ ਸੀ। ਇਥੇ ਕਾਂਗਰਸ ਹੈੱਡਕੁਆਰਟਰ ’ਤੇ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਪ੍ਰਧਾਨ ਮੰਤਰੀ ਦਫ਼ਤਰ ਨੇ ਉਸ ਨੂੰ ਖ਼ਤਮ ਕਰਨ ਦੀ ਚਾਲ ਚੱਲੀ ਸੀ। ‘ਮੈਨੂੰ ਪੂਰਾ ਖ਼ਦਸ਼ਾ ਹੈ ਕਿ ਉਨ੍ਹਾਂ ਮੈਨੂੰ ਫਸਾਉਣ ਲਈ ਹੁਣ ਤੱਕ ਮੇਰੇ ਕੰਪਿਊਟਰ ’ਚ ਕੁਝ ਨਾ ਕੁਝ ਇਤਰਾਜ਼ਯੋਗ ਸਮੱਗਰੀ ਪਾ ਦਿੱਤੀ ਹੋਵੇਗੀ।’ ਮੇਵਾਨੀ ਨੇ ਕਿਹਾ ਕਿ ਅਜੇ ਤੱਕ ਧਰਮ ਸੰਸਦ ਦੇ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਿਨ੍ਹਾਂ ਇਕ ਖਾਸ ਫਿਰਕੇ ਖ਼ਿਲਾਫ਼ ਕਤਲੇਆਮ ਦਾ ਸੱਦਾ ਦਿੱਤਾ ਸੀ ਜਦਕਿ ਉਸ ਖ਼ਿਲਾਫ਼ ਦੋ ਐੱਫਆਈਆਰ ਦਰਜ ਕਰਦਿਆਂ ਦੋ ਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਮੋਦੀ ਸਰਕਾਰ ਦਾ ਇਹ ਇਰਾਦਾ ਝਲਕਦਾ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। -ਪੀਟੀਆਈ
ਜ਼ਮਾਨਤ ਦੇਣ ਮੌਕੇ ਹੇਠਲੀ ਅਦਾਲਤ ਨੇ ਟਿੱਪਣੀਆਂ ਨਾਲ ‘ਹੱਦ ਪਾਰ ਕੀਤੀ’: ਹਾਈ ਕੋਰਟ
ਗੁਹਾਟੀ: ਗੁਹਾਟੀ ਹਾਈ ਕੋਰਟ ਨੇ ਅੱਜ ਕਿਹਾ ਕਿ ਜਿਗਨੇਸ਼ ਮੇਵਾਨੀ ਨੂੰ ਜ਼ਮਾਨਤ ਦੇਣ ਵੇਲੇ ਬਰਪੇਟਾ ਅਦਾਲਤ ਨੇ ਆਪਣੇ ਹੁਕਮ ਵਿਚ ਕੀਤੀਆਂ ਟਿੱਪਣੀਆਂ ਨਾਲ ‘ਹੱਦ ਪਾਰ ਕੀਤੀ ਹੈ’ ਤੇ ਪੁਲੀਸ ਅਤੇ ਅਸਾਮ ਸਰਕਾਰ ਦਾ ‘ਹੌਸਲਾ’ ਪਸਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮੇਵਾਨੀ ’ਤੇ ਇਸ ਕੇਸ ਵਿਚ ਮਹਿਲਾ ਪੁਲੀਸ ਅਧਿਕਾਰੀ ਨਾਲ ਦੁਰਵਿਹਾਰ ਦੇ ਦੋਸ਼ ਲਾਏ ਗਏ ਸਨ। ਹਾਈ ਕੋਰਟ ਨੇ ਹਾਲਾਂਕਿ ਮੇਵਾਨੀ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ਉਤੇ ਆਪਣਾ ਕੋਈ ਵਿਚਾਰ ਨਹੀਂ ਰੱਖਿਆ। -ਪੀਟੀਆਈ