ਨਵੀਂ ਦਿੱਲੀ/ਚੰਡੀਗੜ੍ਹ, 2 ਜਨਵਰੀ
ਉੱਤਰੀ ਭਾਰਤ ਦੇ ਮੈਦਾਨੀ ਸੂਬਿਆਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਣੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਅੱਜ ਪੱਛਮੀ ਗੜਗੜੀ ਕਾਰਨ ਕਈ ਥਾਈਂ ਹਲਕੀ ਵਰਖਾ ਹੋਈ। ਇਨ੍ਹਾਂ ਸੂਬਿਆਂ ਵਿੱਚ ਕਈ ਥਾਈਂ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ ਪ੍ਰੰਤੂ ਬੱਦਲਵਾਈ ਕਾਰਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ।
ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਰਾਤ ਵੇਲੇ ਪਏ ਮੀਂਹ ਕਾਰਨ ਠੰਢ ਦਾ ਜ਼ੋਰ ਜਾਰੀ ਹੈ। ਦੋਵਾਂ ਸੂਬਿਆਂ ’ਚੋਂ ਹਰਿਆਣਾ ਸਥਿਤ ਹਿਸਾਰ ’ਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਚੰਡੀਗੜ੍ਹ ਵਿੱਚ 0.6 ਐੱਮਐੱਮ ਮੀਂਹ ਪਿਆ ਜਦਕਿ ਹਲਵਾਰਾ, ਪਟਿਆਲਾ, ਤੇ ਲੁਧਿਆਣਾ ਵਿੱਚ ਕ੍ਰਮਵਾਰ 5 ਐੱਮਐੱਮ, 2.2 ਐੱਮਐੱਮ ਅਤੇ 0.4 ਐੱਮਐੱਮ ਮੀਂਹ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ, ਕਰਨਾਲ ਅਤੇ ਸਿਰਸਾ ਵਿੱਚ ਕ੍ਰਮਵਾਰ 2 ਐੱਮਐੱਮ, 2.8 ਐੱਮਐੱਮ ਅਤੇ 0.6 ਐੱਮਐੱਮ ਮੀਂਹ ਪਿਆ। ਪੰਜਾਬ ’ਚੋਂ ਅੰਮ੍ਰਿਤਸਰ ਘੱਟ-ਘੱਟੋ 2.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 3 ਡਿਗਰੀ, 3.9 ਡਿਗਰੀ, 6.4 ਡਿਗਰੀ, 3.7 ਡਿਗਰੀ ਅਤੇ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕੌਮੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ ਹਲਕਾ ਮੀਂਹ ਪਿਆ ਅਤੇ ਸ਼ਹਿਰ ’ਤੇ ਛਾਈ ਬੱਦਲਵਾਈ ਕਾਰਨ ਘੱਟੋ-ਘੱਟੋ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ਦੇ ਟੌਂਕ ਤੇ ਚੁਰੂ ਤੋਂ ਇਲਾਵਾ ਜੈਪੁਰ, ਪਿਲਾਨੀ, ਸਿਕਰ, ਕੋਟਾ ਅਤੇ ਹੋਰ ਥਾਵਾਂ ’ਤੇ ਅੱਜ ਮੀਂਹ ਪਿਆ। ਰਾਜਸਥਾਨ ਵਿੱਚ 3 ਅਤੇ 4 ਜਨਵਰੀ ਨੂੰ ਕਈ ਥਾਈਂ ਮੀਂਹ ਤੇ ਗੜਿਆਂ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆਈ
ਹਿਮਾਚਲ ’ਚ ਪੀਲੀ ਚਿਤਾਵਨੀ ਜਾਰੀ
ਸ਼ਿਮਲਾ: ਮੌਸਮ ਵਿਭਾਗ ਵਲੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਹੋਣ ਸਬੰਧੀ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਿਮਲਾ ਦੇ ਮੌਸਮ ਵਿਭਾਗ ਨੇ 3 ਤੋਂ 5 ਜਨਵਰੀ ਅਤੇ 8 ਜਨਵਰੀ ਨੂੰ ਸੂਬੇ ਦੇ ਮੈਦਾਨੀ ਅਤੇ ਨੀਵੇਂ ਪਹਾੜੀ ਖੇਤਰਾਂ ਵਿੱਚ ਮੀਂਹ ਜਦਕਿ ਉੱਚ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਵਲੋਂ 5 ਜਨਵਰੀ ਲਈ ਪਹਾੜੀ ਖੇਤਰਾਂ ’ਚ ਭਾਰੀ ਬਰਫਬਾਰੀ ਦੀ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ। -ਪੀਟੀਆਈ
ਕਸ਼ਮੀਰ ’ਚ ਭਲਕੇ ਬਰਫ਼ਬਾਰੀ ਦੀ ਪੇਸ਼ੀਨਗੋਈ
ਸ੍ਰੀਨਗਰ: ਜੰਮੂ ਕਸ਼ਮੀਰ ਅਤੇ ਲੱਦਾਖ ਖੇਤਰ ਵਿੱਚ ਹੱਡ-ਚੀਰਵੀਂ ਠੰਢ ਪੈਣੀ ਜਾਰੀ ਹੈ। ਇਸ ਖੇਤਰ ਵਿੱਚ ਸੋਮਵਾਰ ਤੋਂ ਮੀਂਹ ਅਤੇ ਬਰਫ਼ਬਾਰੀ ਮੁੜ ਸ਼ੁਰੂ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ, ‘‘ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ 4 ਅਤੇ 5 ਜਨਵਰੀ ਨੂੰ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋ ਸਕਦੀ ਹੈ। ਉਦੋਂ ਤੱਕ ਦੋਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੰਢ ਦਾ ਮੌਜੂਦਾ ਦੌਰ ਜਾਰੀ ਰਹੇਗਾ।’’ ਸ੍ਰੀਨਗਰ, ਪਹਿਲਗਾਮ ਅਤੇ ਗੁਲਮਰਗ ਵਿੱਚ ਅੱਜ ਘੱਟੋ-ਘੱਟ ਤਾਪਮਾਨ ਮਨਫੀ 5.9 ਡਿਗਰੀ, ਮਨਫੀ 8.4 ਡਿਗਰੀ ਅਤੇ ਮਨਫੀ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੱਦਾਖ ਦੇ ਲੇਹ ਕਸਬੇ ਵਿੱਚ ਤਾਪਮਾਨ ਮਨਫ਼ੀ 19.2 ਡਿਗਰੀ ਅਤੇ ਕਾਰਗਿਲ ਵਿੱਚ ਮਨਫ਼ੀ 16.2 ਡਿਗਰੀ ਸੈਲਸੀਅਸ ਤੱਕ ਚਲਾ ਗਿਆ। -ਆਈਏਐੱਨਐੱਸ