ਜੰਮੂ/ਨਵੀਂ ਦਿੱਲੀ, 26 ਮਾਰਚ
ਐਨਆਈਏ ਨੇ ਦੋਸ਼ ਲਾਇਆ ਹੈ ਕਿ ਪੀਡੀਪੀ ਦੇ ਨੌਜਵਾਨ ਆਗੂ ਵਹੀਦ-ਉਰ-ਰਹਿਮਾਨ ਪਾਰਾ ਨੇ ਗਰਮਖਿਆਲੀ ਹੁਰੀਅਤ ਕਾਨਫਰੰਸ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਨੂੰ ਕਸ਼ਮੀਰ ਵਿਚ ਗੜਬੜੀ ਕਾਇਮ ਰੱਖਣ ਲਈ ਪੰਜ ਕਰੋੜ ਰੁਪਏ ਅਦਾ ਕੀਤੇ ਸਨ। ਏਜੰਸੀ ਮੁਤਾਬਕ ਇਹ ਸਭ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਬੁਰਹਾਨ ਵਾਨੀ ਦੀ 2016 ਵਿਚ ਹੋਈ ਮੌਤ ਤੋਂ ਬਾਅਦ ਕੀਤਾ ਗਿਆ ਸੀ। ਐਨਆਈਏ ਨੇ ਵਹੀਦ ਖ਼ਿਲਾਫ਼ ਜੰਮੂ ਦੀ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਵਹੀਦ ਨੇ ਆਪਣੇ ਵਕੀਲ ਰਾਹੀਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਏਜੰਸੀ ਦਾ ਕਹਿਣਾ ਹੈ ਕਿ ਪਾਰਾ ਅਲਤਾਫ਼ ਅਹਿਮਦ ਸ਼ਾਹ ਦੇ ਸੰਪਰਕ ਵਿਚ ਸੀ ਤੇ ਉਸ ਨੂੰ ਕਸ਼ਮੀਰ ’ਚ ਹਿੰਸਕ ਗਤੀਵਿਧੀਆਂ ਲਈ ਰਾਸ਼ੀ ਅਦਾ ਕੀਤੀ ਸੀ। -ਪੀਟੀਆਈ