ਨਵੀਂ ਦਿੱਲੀ/ਨੋਇਡਾ, 10 ਅਕਤੂਬਰ
ਕੌਮੀ ਰਾਜਧਾਨੀ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਸਵੇਰੇ ਤਾਪਮਾਨ ਘੱਟ ਕੇ 19.2 ਡਿਗਰੀ ਸੈਲਸੀਅਸ ਰਹਿ ਗਿਆ ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਦੋ ਡਿਗਰੀ ਘੱਟ ਹੈ। ਸ਼ਹਿਰ ’ਚ ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਵੀ ਜਾਮ ਰਹੀ। ਦੂਜੇ ਪਾਸੇ ਮੀਂਹ ਕਾਰਨ ਉੱਤਰ ਪ੍ਰਦੇਸ਼ ਦੇ ਨੋਇਡਾ ਤੇ ਗਾਜ਼ੀਆਬਾਦ ਜ਼ਿਲ੍ਹਿਆਂ ’ਚ ਅੱਜ ਸਕੂਲ ਬੰਦ ਰਹੇ।
ਦਿੱਲੀ ’ਚ ਸੋਮਵਾਰ ਸਵੇਰੇ ਅੱਠ ਵਜੇ ਤੱਕ 21.8 ਐੱਮਐੱਮ ਮੀਂਹ ਦਰਜ ਕੀਤਾ ਗਿਆ। ਸਵੇਰੇ ਆਈਟੀਓ, ਡੀਐੱਨਡੀ, ਮੁਕਰਬਾ ਚੌਕ ਤੇ ਨੋਇਡਾ ਤੋਂ ਲੰਘਣ ਵਾਲੇ ਵਾਹਨਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਵੀ ਘਟਿਆ ਹੈ। ਮੌਸਮ ਵਿਭਾਗ ਨੇ ਹਲਕੇ ਮੀਂਹ ਦੇ ਨਾਲ ਬੱਦਲ ਛਾਏ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਦੂਜੇ ਪਾਸੇ ਮੀਂਹ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਨੋਇਡਾ ਤੇ ਗਾਜ਼ੀਆਬਾਦ ਜ਼ਿਲ੍ਹਿਆਂ ’ਚ ਸੋਮਵਾਰ ਵੀ ਸਕੂਲ ਬੰਦ ਰਹੇ। ਜ਼ਿਲ੍ਹਾ ਸੂਚਨਾ ਅਧਿਕਾਰੀ ਰਾਕੇਸ਼ ਚੌਹਾਨ ਨੇ ਦੱਸਿਆ ਕਿ ਗੌਤਮਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲੀ ਤੋਂ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। -ਪੀਟੀਆਈ