ਲਤੇਹਾਰ, 23 ਜੁਲਾਈ
ਝਾਰਖੰਡ ਦੇ ਲਤੇਹਾਰ ਜ਼ਿਲ੍ਹੇ ਵਿੱਚ ਪੁਲੀਸ ਨੇ ਮਾਓਵਾਦ ਵਿਰੋਧੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਤ੍ਰਿਤੀਆ ਸੰਮੇਲਨ ਪ੍ਰਸਤੁਤੀ ਕਮੇਟੀ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਲਤੇਹਾਰ ਦੇ ਐੱਸਪੀ ਅੰਜਨੀ ਅੰਜਨ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਇੱਕ ਵਿਸ਼ੇਸ਼ ਪੁਲੀਸ ਟੀਮ ਨੇ ਸ਼ੁੱਕਰਵਾਰ ਨੂੰ ਬਾਲੂਮਠ ਥਾਣੇ ਅਧੀਨ ਪੈਂਦੇ ਸੀਰਮ ਜੰਗਲ ਵਿੱਚ ਕਾਰਵਾਈ ਦੌਰਾਨ ਆਦੇਸ਼ ਗੰਝੂ ਉਰਫ ਮੰਗਰਾ (28) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਗੋਲੀਆਂ, 30 ਗਰਨੇਡ, ਅੱਠ ਵਾਕੀ-ਟਾਕੀ ਸੈੱਟ ਬਰਾਮਦ ਹੋਏ ਹਨ। ਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੈਰਕਾਨੂੰਨੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਗਰੁੱਪ ਦਾ ਸਰਗਰਮ ਮੈਂਬਰ ਹੈ। ਅਧਿਕਾਰੀ ਨੇ ਕਿਹਾ ਕਿ ਗੰਝੂ ’ਤੇ ਇਸ ਸਾਲ 24 ਅਪਰੈਲ ਮਹੀਨੇ ਜੇਐੱਮਐੱਮ ਦੇ ਬਾਲੂਮੱਠ ਬਲਾਕ ਪ੍ਰਧਾਨ ਦਿਲਸ਼ੇਰ ਖਾਨ ਦੀ ਹੱਤਿਆ ਕਰਨ ਦਾ ਦੋਸ਼ ਸੀ ਅਤੇ ਉਸ ਖ਼ਿਲਾਫ਼ ਕਈ ਹੋਰ ਕੇਸ ਵੀ ਦਰਜ ਹਨ। -ਪੀਟੀਆਈ