ਨਵੀਂ ਦਿੱਲੀ, 28 ਮਈ
ਡੋਮੀਨਿਕਾ ਦੀ ਅਦਾਲਤ ਨੇ ਵਪਾਰੀ ਮੇਹੁਲ ਚੋਕਸੀ ਨੂੰ ਅਗਲੇ ਹੁਕਮਾਂ ਤਕ ਕੈਰੇਬਿਆਈ ਦੇਸ਼ ਤੋਂ ਬਾਹਰ ਕਿਤੇ ਹੋਰ ਭੇਜਣ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਚੋਕਸੀ ਨੂੰ ਨਾਜਾਇਜ਼ ਲਾਂਘੇ ਜ਼ਰੀਏ ਦਾਖਲ ਹੋਣ ’ਤੇ ਹਿਰਾਸਤ ਵਿਚ ਲਿਆ ਗਿਆ ਸੀ। ਦੂਜੇ ਪਾਸੇ ਭਾਰਤ ਵਲੋਂ ਵਪਾਰੀ ਮੇਹੁਲ ਚੋਕਸੀ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ ਪਰ ਉਸ ਦੇ ਵਕੀਲ ਵਿਜੈ ਅਗਰਵਾਲ ਨੇ ਅੱਜ ਦਾਅਵਾ ਕੀਤਾ ਕਿ ਗੀਤਾਂਜਲੀ ਗਰੁੱਪ ਦੇ ਚੇਅਰਮੈਨ ਨੂੰ ਜਬਰੀ ਕਿਸ਼ਤੀ ਵਿਚ ਐਂਟੀਗੁਆ ਤੋਂ ਡੋਮੀਨਿਕਾ ਲਿਜਾਇਆ ਗਿਆ। ਵਕੀਲ ਨੇ ਦਾਅਵਾ ਕੀਤਾ ਕਿ ਚੋਕਸੀ ਨੂੰ ਸੋਮਵਾਰ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ ਪਰ ਉਸ ਦੇ ਗਾਇਬ ਹੋਣ ਦੀਆਂ ਖਬਰਾਂ ਬੁੱਧਵਾਰ ਨੂੰ ਨਸ਼ਰ ਕੀਤੀਆਂ ਗਈਆਂ। ਉਸ ਨੇ ਕਿਹਾ ਕਿ ਚੋਕਸੀ ਦੇ ਸਰੀਰ ’ਤੇ ਕੁੱਟਮਾਰ ਦੇ ਵੀ ਨਿਸ਼ਾਨ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਦੇ 13500 ਕਰੋੜ ਲੋਨ ਘੁਟਾਲੇ ਵਿੱਚ ਲੋੜੀਂਦਾ ਹੈ। ਚੋਕਸੀ ਨੇ ਵੀ ਕਿਹਾ ਹੈ ਕਿ ਉਸ ਨੂੰ ਐਂਟੀਗੁਆ ਤੋਂ ਜਬਰੀ ਡੋਮੀਨਿਕਾ ਲਿਜਾਇਆ ਗਿਆ ਸੀ।-ਆਈਏਐਨਐਸ