ਜੰਮੂ, 13 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਦੀ ਕਿਤਾਬ ਤੋਂ ਪੈਦਾ ਹੋਏ ਵਿਵਾਦ ਮਗਰੋਂ ਹੁਣ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਧਰਮ ਦੇ ਨਾਮ ’ਤੇ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਗੁੱਟਾਂ ਨਾਲ ਸਿਆਸੀ ਪਾਰਟੀਆਂ ਦੀ ਤੁਲਨਾ ਕਰਨ ’ਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤੇ ਭਾਜਪਾ ’ਤੇ ਹਿੰਦੂਤਵ ਅਤੇ ਹਿੰਦੂ ਧਰਮ ਨੂੰ ਅਗਵਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਨਾਤਨ ਧਰਮ ਕਦੇ ਵੀ ਫਿਰਕੂਵਾਦ ਦੀ ਸਿੱਖਿਆ ਨਹੀਂ ਦਿੰਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਜਿਹੜੀਆਂ ਫਿਰਕੂ ਪਾਰਟੀਆਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਨਾਲ ਲੜਾਉਣਾ ਚਾਹੁੰਦੀਆਂ ਹਨ ਅਤੇ ਧਰਮ ਦੇ ਨਾਮ ’ਤੇ ਲਿੰਚਿੰਗ ’ਚ ਸ਼ਾਮਲ ਹੁੰਦੀਆਂ ਹਨ, ਤੁਸੀਂ ਅਜਿਹੀ ਪਾਰਟੀਆਂ ਦੀ ਤੁਲਨਾ ਇਸਲਾਮਿਕ ਸਟੇਟ ਜਾਂ ਕਿਸੇ ਹੋਰ ਜਹਾਦੀ ਗੁੱਟਾਂ ਨਾਲ ਕਰ ਸਕਦੇ ਹੋ ਕਿਉਂਕਿ ਦੋਵੇਂ ਧਰਮ ਦੇ ਨਾਮ ’ਤੇ ਲੋਕਾਂ ਨੂੰ ਮਾਰਦੇ ਹਨ।’’ ਸਲਮਾਨ ਖੁਰਸ਼ੀਦ ਦੀ ਕਿਤਾਬ ’ਚ ਹਿੰਦੂ ਧਰਮ ਬਾਰੇ ਕੀਤੀ ਗਈ ਟਿੱਪਣੀ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸਾਰਿਆਂ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਪਰ ਭਾਜਪਾ ਅਤੇ ਸੰਘ ਜੋ ਕੁਝ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਨਾ ਤਾਂ ਹਿੰਦੂਤਵ ਹੈ ਅਤੇ ਨਾ ਹੀ ਹਿੰਦੂ ਧਰਮ ਹੈ। ਉਧਰ ਬਜਰੰਗ ਦਲ ਦੇ ਕਾਰਕੁਨਾਂ ਨੇ ਇਥੇ ਪ੍ਰੈੱਸ ਕਲੱਬ ਦੇ ਬਾਹਰ ਖੁਰਸ਼ੀਦ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੀ ਕਿਤਾਬ ’ਤੇ ਪਾਬੰਦੀ ਲਾਉਣ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ