ਸ੍ਰੀਨਗਰ, 9 ਅਗਸਤ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਜਮਾਤ-ਏ-ਇਸਲਾਮੀ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਛਾਪੇ ਮਰਵਾ ਕੇ ‘ਆਪਣੇ ਹੀ ਪਾਲੇ ’ਚ ਗੋਲ ਕਰ ਲਿਆ ਹੈ।’ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਇੱਕ ਵਿਚਾਰਧਾਰਾ ਦਾ ਮੁਕਾਬਲਾ ਕਿਸੇ ਬਿਹਤਰ ਵਿਚਾਰ ਨਾਲ ਕਰਨ ਦੀ ਥਾਂ ਸਰਕਾਰ ਆਪਣੇ ਵਿਰੋਧੀਆਂ ਨੂੰ ਸਖ਼ਤੀ ਨਾਲ ਦਬਾ ਰਹੀ ਹੈ। ਉਨ੍ਹਾਂ ਟਵੀਟ ਕੀਤਾ, ‘ਜਮਾਤ ’ਤੇ ਐੱਨਆਈਏ ਦਾ ਛਾਪਾ, ਭਾਰਤ ਸਰਕਾਰ ਵੱਲੋਂ ਕਥਿਤ ਤੌਰ ’ਤੇ ਅਨਿੱਖੜਵੇਂ ਅੰਗ ਖ਼ਿਲਾਫ਼ ਛੇੜੀ ਗਈ ਸੰਕੇਤਕ ਜੰਗ ਹੈ। ਇੱਕ ਵਿਚਾਰਧਾਰਾ ਦਾ ਮੁਕਾਬਲਾ ਕਿਸੇ ਬਿਹਤਰ ਵਿਚਾਰ ਨਾਲ ਕਰਨ ਦੀ ਥਾਂ ਉਹ ਵਿਰੋਧੀਆਂ ਨੂੰ ਸਖ਼ਤੀ ਨਾਲ ਦਬਾ ਰਹੀ ਹੈ।’ ਉਨ੍ਹਾਂ ਕਿਹਾ ਕਿ ਅਜਿਹੇ ਕਦਮ ਆਰਜ਼ੀ ਤੌਰ ’ਤੇ ਚੱਲ ਸਕਦੇ ਹਨ ਪਰ ਲੰਮੇ ਸਮੇਂ ’ਚ ਇਨ੍ਹਾਂ ਦਾ ਉਲਟਾ ਅਸਰ ਹੋਵੇਗਾ। -ਪੀਟੀਆਈ
ਐੱਨਆਈਏ ਨੇ ਦੂਜੇ ਦਿਨ ਵੀ ਮਾਰੇ ਛਾਪੇ
ਸ੍ਰੀਨਗਰ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਫੰਡਿੰਗ ਦੇ ਸਬੰਧ ’ਚ ਅੱਜ ਦੂਜੇ ਦਿਨ ਵੀ ਕਸ਼ਮੀਰ ਘਾਟੀ ’ਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਮੈਂਬਰਾਂ ਖ਼ਿਲਾਫ਼ ਛਾਪੇ ਜਾਰੀ ਰੱਖੇ। ਐੱਨਆਈਏ ਦੇੇ ਮੈਂਬਰਾਂ ਨੇ ਪੁਲੀਸ ਤੇ ਸੀਆਰਪੀਐੱਫ ਦੀ ਮਦਦ ਨਾਲ ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ’ਚ ਪੰਜ ਥਾਵਾਂ ’ਤੇ ਤਲਾਸ਼ੀ ਲਈ। ਬੀਤੇ ਦਿਨ ਏਜੰਸੀ ਨੇ ਕਸ਼ਮੀਰ ਦੇ 10 ਜ਼ਿਲ੍ਹਿਆਂ ਤੇ ਜੰਮੂ ਦੇ ਰਾਮਬਨ, ਕਿਸ਼ਤਵਾੜ, ਡੋਡਾ ਤੇ ਰਾਜੌਰੀ ਜ਼ਿਲ੍ਹਿਆਂ ਦੀਆਂ 56 ਥਾਵਾਂ ’ਤੇ ਛਾਪੇ ਮਾਰੇ ਸਨ।