ਸ਼ਿਲੌਂਗ: ਮੇਘਾਲਿਆ ਦੇ ਉੱਪ ਮੁੱਖ ਮੰਤਰੀ ਪ੍ਰੈਸਟੋਨ ਤਿਨਸਾਂਗ ਨੇ ਅੱਜ ਵਿਧਾਨ ਸਭਾ ’ਚ ਦੱਸਿਆ ਕਿ ਸੂਬਾ ਸਰਕਾਰ ਸ਼ਿਲੌਂਗ ’ਚ ਥੈਮ ਇਊ ਮਾਲਾਂਗ ਨਾਲ ਲੱਗਦੇ ਪੰਜਾਬੀ ਇਲਾਕੇ ਨੂੰ ਮੁੜ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸ਼ਹਿਰ ਦਾ ਮੁੱਖ ਕਾਰੋਬਾਰੀ ਕੇਂਦਰ ਹੈ। ਇਹ ਇਲਾਕਾ ਮਈ 2018 ’ਚ ਕੁਝ ਧੜਿਆਂ ਵਿਚਾਲੇ ਹਿੰਸਾ ਕਾਰਨ ਗੜਬੜੀ ਵਾਲਾ ਬਣ ਗਿਆ ਸੀ ਜਿਸ ਕਾਰਨ ਪ੍ਰਸ਼ਾਸਨ ਨੂੰ ਇੱਥੇ ਕਰਫਿਊ ਲਗਾਉਣਾ ਪਿਆ। ਉਨ੍ਹਾਂ ਦੱਸਿਆ ਕਿ ਵੱਖ ਵੱਖ ਧਿਰਾਂ ਵੱਲੋਂ ਇਸ ਇਲਾਕੇ ਨੂੰ ਮੁੜ ਵਿਕਸਿਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਮਗਰੋਂ ਸੂਬਾ ਸਰਕਾਰ ਨੇ ਇਸ ਮੁੱਦੇ ’ਤੇ ਧਿਆਨ ਦੇਣ ਲਈ ਉੱਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਹੈ। ਉਧਰ ਸਥਾਨਕ ਪੰਜਾਬੀ ਵਸੋਂ ’ਚ ਇਸ ਕਦਮ ਬਾਰੇ ਭਾਰੀ ਸ਼ੰਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਨ੍ਹਾਂ ਨੂੰ ਉਜਾੜਨ ਲਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 200 ਸਾਲ ਪਹਿਲਾਂ ਬਰਤਾਨਵੀ ਸਰਕਾਰ ਵੱਲੋਂ ਇੱਥੇ ਕਾਮਿਆਂ ਵਜੋਂ ਲਿਆਂਦੇ ਪੰਜਾਬੀਆਂ ਨੇ ਇਹ ਇਲਾਕਾ ਵਸਾਇਆ ਸੀ। -ਪੀਟੀਆਈ