ਨਵੀਂ ਦਿੱਲੀ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਕਮੇਟੀ ਨੇ ਅੱਜ ਸੀਬੀਆਈ ਦਾ ਨਵਾਂ ਡਾਇਰੈਕਟਰ ਚੁਣਨ ਬਾਰੇ ਬੈਠਕ ਕੀਤੀ। ਇਹ ਜਾਣਕਾਰੀ ਮਿਲੀ ਹੈ ਕਿ ਉਤਰ ਪ੍ਰਦੇਸ਼ ਦੇ ਡੀਜੀਪੀ ਐਚ ਸੀ ਅਵਸਥੀ, ਐਸਐਸਬੀ ਦੇ ਡਾਇਰੈਕਟਰ ਜਨਰਲ ਕੁਮਾਰ ਰਾਜੇਸ਼ ਚੰਦਰ ਤੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਵੀਐਸਕੇ ਕੋਮੁਡੀ ਦੇ ਨਾਂ ਸੀਬੀਆਈ ਡਾਇਰੈਕਟਰ ਦੇ ਅਹੁਦੇ ਲਈ ਸ਼ਾਰਟ ਲਿਸਟ ਕੀਤੇ ਗਏ ਹਨ।ਇਸ ਬੈਠਕ ਵਿਚ ਕਮੇਟੀ ਦੇ ਮੈਂਬਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਤੇ ਚੀਫ਼ ਜਸਟਿਸ ਐਨ.ਵੀ. ਰਾਮੰਨਾ ਹਾਜ਼ਰ ਸਨ। ਮੀਟਿੰਗ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਕਰੀਬ 90 ਮਿੰਟ ਚੱਲੀ। ਸੀਨੀਅਰ ਬੈਚ ਦੇ ਆਈਪੀਐੱਸ ਅਧਿਕਾਰੀਆਂ ਦੇ ਨਾਂ ਅਹੁਦੇ ਲਈ ਵਿਚਾਰੇ ਜਾ ਰਹੇ ਹਨ। ਸੀਬੀਆਈ ਦੇ ਮੌਜੂਦਾ ਵਧੀਕ ਡਾਇਰੈਕਟਰ ਪ੍ਰਵੀਨ ਸਿਨਹਾ 1988 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਕੋਲ ਡਾਇਰੈਕਟਰ ਦਾ ਚਾਰਜ ਹੈ। ਜ਼ਿਕਰਯੋਗ ਹੈ ਕਿ ਰਿਸ਼ੀ ਕੁਮਾਰ ਸ਼ੁਕਲਾ ਫਰਵਰੀ ਵਿਚ ਸੇਵਾਮੁਕਤ ਹੋ ਗਏ ਸਨ।-ਪੀਟੀਆਈ