ਕੋਲਕਾਤਾ, 14 ਫਰਵਰੀ
ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ’ਚ ‘ਜਨਤਾ ਕਾਰਡ’ ਤੇ ‘ਮਮਤਾ ਕਾਰਡ’ ਮਾਇਨੇ ਰੱਖਦਾ ਹੈ, ‘ਰਾਮ ਕਾਰਡ’ ਨਹੀਂ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ ਸੀ। ਮਮਤਾ ਬੈਨਰਜੀ ਦੇ ਮੰਤਰੀ ਮੰਡਲ ਦੇ ਸੀਨੀਅਰ ਮੰਤਰੀ ਪਾਰਥ ਚੈਟਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਟੀਐੱਮਸੀ ਸਰਕਾਰ ਵੱਲੋਂ ਚੁੱਕੇ ਗਏ ਲੋਕ ਭਲਾਈ ਦੇ ਕਦਮਾਂ ਅੱਗੇ ਆਪਣੀ ਜ਼ਮੀਨ ਗੁਆ ਬੈਠੇ ਹਨ ਅਤੇ ਹੁਣ ਉਹ ਬਿਆਨਬਾਜ਼ੀ ’ਚ ਲੱਗੇ ਹੋਏ ਹਨ, ਜਿਸ ਦਾ ਚੋਣਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਉਨ੍ਹਾਂ ਕੋਲਕਾਤਾ ’ਚ ਟੀਐੱਮਸੀ ਦੇ ਹੈਡ ਆਫਿਸ ’ਚ ਪੱਤਰਕਾਰ ਸੰਮੇਲਨ ’ਚ ਕਿਹਾ, ‘ਪ੍ਰਧਾਨ ਮੰਤਰੀ ਨੇ ‘ਰਾਮ ਕਾਰਡ’ ਦੀ ਗੱਲ ਕੀਤੀ ਸੀ ਪਰ ਪੱਛਮੀ ਬੰਗਾਲ ’ਚ ਵਿਕਾਸ ਦਾ ‘ਜਨਤਾ ਕਾਰਡ’ ਅਤੇ ‘ਮਮਤਾ ਕਾਰਡ’ ਮਾਇਨੇ ਰੱਖਦਾ ਹੈ।’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਫ਼ਤਾ ਪਹਿਲਾਂ ਬੰਗਾਲ ਦੇ ਹਲਦੀਆ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਟੀਐੱਮਸੀ ਸਰਕਾਰ ਨੇ ਬੀਤੇ ਦਸ ਸਾਲਾਂ ’ਚ ਕਈ ਗਲਤ ਕੰਮ ਕੀਤੇ ਹਨ ਅਤੇ ਅਪਰੈਲ-ਮਈ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ‘ਰਾਮ ਕਾਰਡ’ ਦਿਖਾਉਣ ਦਾ ਸਮਾਂ ਆ ਗਿਆ ਹੈ। -ਪੀਟੀਆਈ
ਦਿਨੇਸ਼ ਤ੍ਰਿਵੇਦੀ ਨੇ ਸਿਆਸੀ ਮਕਸਦ ਲਈ ਸਦਨ ਦੀ ਵਰਤੋਂ ਕੀਤੀ: ਟੀਐੱਮਸੀ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਅੱਜ ਦੋਸ਼ ਲਾਇਆ ਕਿ ਦਿਨੇਸ਼ ਤ੍ਰਿਵੇਦੀ ਨੇ ਸਦਨ ਦੀ ਵਰਤੋਂ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਸਿਆਸੀ ਮਕਸਦ ਲਈ ਸਦਨ ਦੀ ਕਥਿਤ ਦੁਰਵਰਤੋਂ ਕਰਨ ਦਿੱਤੀ ਗਈ। ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਰਾਜ ਸਭਾ ’ਚ ਪਾਰਟੀ ਦੇ ਮੁੱਖ ਵ੍ਹਿਪ ਸੁਖੇਂਦੂ ਸ਼ੇਖਰ ਰਾਏ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪੇ ਪੱਤਰ ’ਚ ਕਿਹਾ ਕਿ ਕੇਂਦਰੀ ਬਜਟ 2021-22 ’ਤੇ ਚਰਚਾ ਲਈ ਸਿਰਫ਼ ਦੋ ਬੁਲਾਰਿਆਂ ਦੇ ਨਾਵਾਂ ਦੀ ਸਿਫਾਰਸ਼ ਸੀ ਜਿਨ੍ਹਾਂ ’ਚ ਤ੍ਰਿਵੇਦੀ ਦਾ ਨਾਂ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਟੀਐੱਮਸੀ ਨੂੰ ਦਿੱਤਾ ਗਿਆ ਸਮਾਂ ਦੋ ਬੁਲਾਰਿਆਂ ਦੇ ਨਿਰਧਾਰਤ ਦਿਨ ਬੋਲਣ ਮਗਰੋਂ ਖਤਮ ਹੋ ਗਿਆ ਸੀ। ਇਸ ਦੇ ਬਾਵਜੂਦ ਤ੍ਰਿਵੇਦੀ ਨੂੰ ਬੋਲਣ ਦਾ ਮੌਕਾ ਕਿਉਂ ਦਿੱਤਾ ਗਿਆ। -ਪੀਟੀਆਈ